400 ਪਾਰ ਦੇ ਨਾਅਰੇ ਨਾਲ ਦਲਿਤਾਂ ਤੇ ਪਛੜੇ ਵਰਗਾਂ ਵਿਚ ਪੈਦਾ ਹੋਏ ਇਸ ਡਰ ਕਿ ਭਾਜਪਾ ਏਨੇ ਜ਼ਬਰਦਸਤ ਬਹੁਮਤ ਨੂੰ ਸੰਵਿਧਾਨ ਬਦਲਣ ਲਈ ਵਰਤੇਗੀ, ਨੇ ਭਾਜਪਾ ਦੇ ਨਾਲ-ਨਾਲ ਆਰ ਐੱਸ ਐੱਸ ਨੂੰ ਸਫਾਈਆਂ ਦੇਣ ਲਈ ਮਜਬੂਰ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਲਈ ਪਹਿਲੇ ਗੇੜ ਵਿਚ ਘਟੀ ਪੋਲਿੰਗ ਨਾਲ ਭਾਜਪਾ ਨੇ ਇਹ ਮਹਿਸੂਸ ਕੀਤਾ ਕਿ ਦਲਿਤ ਤੇ ਪਛੜੇ ਲੋਕ ਉਸ ਦੇ ਹੱਕ ਵਿਚ ਨਹੀਂ ਭੁਗਤੇ। ਆਪੋਜ਼ੀਸ਼ਨ ਵੱਲੋਂ ‘ਲੋਕਤੰਤਰ ਬਚਾਓ, ਸੰਵਿਧਾਨ ਬਚਾਓ ਤੇ ਦੇਸ਼ ਬਚਾਓ’ ਦੇ ਨਾਅਰੇ ਨਾਲ ਕਾਫੀ ਚਿਰ ਤੋਂ ਚਲਾਈ ਜਾ ਰਹੀ ਮੁਹਿੰਮ ਤੇ ਰਾਹੁਲ ਗਾਂਧੀ ਦੀ ਭਾਰਤ ਯਾਤਰਾ ਦਾ ਦਲਿਤਾਂ ਤੇ ਪਛੜਿਆਂ ’ਤੇ ਅਸਰ ਸਾਫ ਨਜ਼ਰ ਆ ਰਿਹਾ ਹੈ। ਉਨ੍ਹਾਂ ਦੇ ਮਨਾਂ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਪੰਜ ਕਿੱਲੋ ਰਾਸ਼ਨ ਨਾਲ ਉਹ ਜਿਊਂਦੇ ਨਹੀਂ ਰਹਿ ਸਕਦੇ, ਜੇ ਰਿਜ਼ਰਵੇਸ਼ਨ ਹੀ ਖਤਮ ਹੋ ਗਈ ਤਾਂ ਉਨ੍ਹਾਂ ਲਈ ਕੁਝ ਨਹੀਂ ਬਚਣਾ। ਇਸ ਮੁੱਦੇ ਨੂੰ ਲੈ ਕੇ ਦੇਸ਼-ਭਰ ਵਿਚ ਬਣੇ ਮਾਹੌਲ ਨੂੰ ਦੇਖ ਕੇ ਭਾਜਪਾ ਘਬਰਾ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਚੋਣ ਭਾਸ਼ਣਾਂ ਵਿਚ ਬਹੁਤਾ ਸਮਾਂ ਖੁਦ ਨੂੰ ਰਿਜ਼ਰਵੇਸ਼ਨ ਦੇ ਵੱਡੇ ਵਕੀਲ ਸਾਬਤ ਕਰਨ ’ਤੇ ਲੱਗੇ ਹੋਏ ਹਨ। ਸ਼ਾਹ ਤਾਂ ਆਪਣੇ ਭਾਸ਼ਣਾਂ ਵਿਚ ਤਵਾ ਹੀ ਇਸ ਗੱਲ ’ਤੇ ਲਾ ਰਹੇ ਹਨ ਕਿ ਕਾਂਗਰਸ ਤੇ ਰਾਹੁਲ ਗਾਂਧੀ ਰਿਜ਼ਰਵੇਸ਼ਨ ਬਾਰੇ ਗੁੰਮਰਾਹ ਕਰ ਰਹੇ ਹਨ। ਕਾਂਗਰਸ ਨੇ ਘੱਟਗਿਣਤੀਆਂ ਨੂੰ ਖੁਸ਼ ਕਰਨ ਲਈ ਕਰਨਾਟਕ ਤੇ ਆਂਧਰਾ ਵਿਚ ਐੱਸ ਸੀ ਤੇ ਐੱਸ ਟੀ ਕੋਟੇ ਵਿੱਚੋਂ ਘੱਟਗਿਣਤੀਆਂ ਨੂੰ ਰਿਜ਼ਰਵੇਸ਼ਨ ਦਿੱਤੀ। ਸ਼ਾਹ ਦਾ ਇਹ ਦੋਸ਼ ਵੀ ਕਾਟ ਨਹੀਂ ਕਰ ਰਿਹਾ ਕਿਉਕਿ ਅਜਿਹਾ ਹੋਇਆ ਨਹੀਂ। ਡਾਵਾਂਡੋਲ ਸਥਿਤੀ ਨੂੰ ਦੇਖਦਿਆਂ ਹੁਣ ਭਾਜਪਾ ਦਾ ਪਿਓ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਵੀ ਇਸ ਮੁੱਦੇ ’ਤੇ ਖੁੱਲ੍ਹ ਕੇ ਮੈਦਾਨ ਵਿਚ ਆ ਗਿਆ ਹੈ। ਸੰਘ ਦੇ ਮੁਖੀ ਮੋਹਨ ਭਾਗਵਤ ਨੇ ਹੈਦਰਾਬਾਦ ਦੇ ਇਕ ਸਕੂਲ ਵਿਚ ਰੱਖੇ ਪ੍ਰੋਗਰਾਮ ’ਚ ਕਿਹਾ ਕਿ ਸੰਘ ਸ਼ੁਰੂ ਤੋਂ ਹੀ ਰਿਜ਼ਰਵੇਸ਼ਨ ਦਾ ਹਾਮੀ ਰਿਹਾ ਹੈ ਤੇ ਉਦੋਂ ਤੱਕ ਰਿਜ਼ਰਵੇਸ਼ਨ ਜਾਰੀ ਰੱਖਣ ਦਾ ਹਮਾਇਤੀ ਹੈ, ਜਦੋਂ ਤੱਕ ਇਹ ਜ਼ਰੂਰੀ ਹੈ। ਭਾਗਵਤ ਦੀ ਸਫਾਈ ਇਸ ਕਰਕੇ ਅਹਿਮ ਹੈ ਕਿ ਉਸ ਨੇ 2015 ਵਿਚ ਬਿਹਾਰ ਅਸੰਬਲੀ ਚੋਣਾਂ ਦੌਰਾਨ ਕਿਹਾ ਸੀ ਕਿ ਰਿਜ਼ਰਵੇਸ਼ਨ ਨੀਤੀ ’ਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ ਕਿਉਕਿ ਇਸ ਨੂੰ ਚੋਣ ਮੰਤਵਾਂ ਲਈ ਵਰਤਿਆ ਜਾਂਦਾ ਹੈ। ਇਸ ਦਾ ਚੋਣਾਂ ਵਿਚ ਭਾਜਪਾ ਨੂੰ ਨੁਕਸਾਨ ਵੀ ਹੋਇਆ ਸੀ। ਭਾਗਵਤ ਨੇ ਕਿਹਾ ਕਿ ਅੱਜਕੱਲ੍ਹ ਇਕ ਵੀਡੀਓ ਧੁਮਾਈ ਜਾ ਰਹੀ ਹੈ ਕਿ ਸੰਘ ਰਿਜ਼ਰਵੇਸ਼ਨ ਦੇ ਵਿਰੁੱਧ ਹੈ। ਇਹ ਗਲਤ ਤੇ ਝੂਠੀ ਹੈ। ਭਾਗਵਤ ਨੇ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਹੜੀ ਵੀਡੀਓ ਦੀ ਗੱਲ ਕਰ ਰਹੇ ਹਨ, ਪਰ ਇਹ ਤਿਲੰਗਾਨਾ ਦੇ ਕਾਂਗਰਸੀ ਮੁੱਖ ਮੰਤਰੀ ਰੇਵੰਤ ਰੈੱਡੀ ਦਾ ਜਵਾਬ ਸੀ, ਜਿਨ੍ਹਾ ਦੋਸ਼ ਲਾਇਆ ਸੀ ਕਿ ਭਾਜਪਾ 2025 ਤੱਕ ਸੰਵਿਧਾਨ ਬਦਲ ਕੇ ਇਸ ਨੂੰ ਆਰ ਐੱਸ ਐੱਸ ਦੀ ਇੱਛਾ ਵਾਲਾ ਸੰਵਿਧਾਨ ਬਣਾਉਣ ਦੀ ਯੋਜਨਾ ਬਣਾਈ ਬੈਠੀ ਹੈ। ਭਾਗਵਤ ਨੇ ਸਫਾਈ ਤਿਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਹੀ ਦਿੱਤੀ ਹੈ।