ਮੁਹਾਲੀ (ਗੁਰਜੀਤ ਬਿੱਲਾ)
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਅੱਠਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ। ਬਾਰ੍ਹਵੀਂ ’ਚ ਲੁਧਿਆਣਾ ਦੇ ਬੀ ਸੀ ਐੱਮ ਸੀਨੀਅਰ ਸੈਕੰਡਰੀ ਸਕੂਲ ਦੇ ਏਕਮਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਕੇ ਇਸ ਵਾਰ ਮੁੰਡਿਆਂ ਦੀ ਲਾਜ ਰੱਖ ਲਈ। ਉਹ ਕੌਮੀ ਖਿਡਾਰੀ ਹੈ ਤੇ ਉਸ ਦੇ ਕੁੱਲ ਅੰਕਾਂ ਵਿੱਚ ਖੇਡ ਕੋਟੇ ਵਿੱਚੋਂ 17 ਅੰਕ ਜੋੜੇ ਗਏ। ਸ੍ਰੀ ਮੁਕਤਸਰ ਸਾਹਿਬ ਦੇ ਗੁਲਬੇਵਾਲਾ ਸਕੂਲ ਦਾ ਰਵੀਉਦੈ ਸਿੰਘ ਦੂਜੇ ਸਥਾਨ ’ਤੇ ਰਿਹਾ। ਉਹ ਵੀ ਕੌਮੀ ਖਿਡਾਰੀ ਹੈ ਤੇ ਉਸ ਦੇ ਕੁੱਲ ਅੰਕਾਂ ਵਿੱਚ ਖੇਡ ਕੋਟੇ ਵਿੱਚੋਂ 13 ਅੰਕ ਜੋੜੇ ਗਏ। ਬਠਿੰਡਾ ਦੇ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਆਫ ਮੈਰੀਟੋਰੀਅਸ ਸਟੂਡੈਂਟਸ ਦਾ ਅਸ਼ਵਨੀ ਤੀਜੇ ਸਥਾਨ ’ਤੇ ਰਿਹਾ। ਪਹਿਲੇ ਦੋ ਸਥਾਨਾਂ ਵਾਲਿਆਂ ਨੇ ਸੌ ਫੀਸਦੀ ਅੰਕ ਲਏ, ਜਦਕਿ ਅਸ਼ਵਨੀ ਨੇ ਬਿਨਾਂ ਖੇਡ ਕੋਟੇ ਦੇ ਵਿਦਿਆਰਥੀਆਂ ਵਿੱਚੋਂ 99.80 ਫੀਸਦੀ ਅੰਕ ਹਾਸਲ ਕੀਤੇ। ਇਸ ਸਾਲ 2,84,452 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 264662 ਪ੍ਰੀਖਿਆਰਥੀਆਂ ਨੇ ਸਫਲਤਾ ਪ੍ਰਾਪਤ ਕੀਤੀ ਹੈ। ਪਾਸ ਪ੍ਰਤੀਸ਼ਤਤਾ 93.04 ਫੀਸਦੀ ਰਹੀ। 16,641 ਪ੍ਰੀਖਿਆਰਥੀਆਂ (5.8ਫੀਸਦੀ) ਦੀ ਕੰਪਾਰਟਮੈਂਟ ਆਈ। 2981 ਪ੍ਰੀਖਿਆਰਥੀ 1.04 ਫੀਸਦੀ ਫੇਲ੍ਹ ਹੋਏ ਹਨ। ਕੇਵਲ 168 ਪ੍ਰੀਖਿਆਰਥੀਆਂ ਦਾ ਨਤੀਜਾ ਲੇਟ ਹੈ। 131025 ਲੜਕੀਆਂ ’ਚੋਂ 125449 ਪਾਸ ਹੋਈਆਂ, ਜਦੋਂ ਕਿ 153424 ਲੜਕਿਆਂ ’ਚੋਂ 139210 ਪਾਸ ਹੋਏ। 3 ਟਰਾਂਸਜੈਂਡਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ।
ਅੱਠਵੀਂ ਦੀ ਪਾਸ ਪ੍ਰਤੀਸ਼ਤਤਾ 98.31 ਫੀਸਦੀ ਹੈ। ਅੱਠਵੀਂ ’ਚ ਬਠਿੰਡਾ ਦੀ ਹਰਨੂਰ ਕੌਰ ਨੇ ਪਹਿਲਾ, ਅੰਮਿ੍ਰਤਸਰ ਦੀ ਗੁਰਲੀਨ ਕੌਰ ਨੇ ਦੂਜਾ ਤੇ ਸੰਗਰੂਰ ਜ਼ਿਲ੍ਹੇ ਦੇ ਅਰਮਾਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਹਰਨੂਰ ਨੇ ਸੌ ਫੀਸਦੀ ਅੰਕ ਲਏ ਹਨ। ਵਿਦਿਆਰਥੀ ਆਪਣਾ ਨਤੀਜਾ ਇੱਕ ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਦੇਖ ਸਕਦੇ ਹਨ।