ਤਰਨ ਤਾਰਨ : ਬੁੱਧਵਾਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਸਾਂਝੀ ਮੀਟਿੰਗ ਰਾਮਗੜ੍ਹੀਆ ਬੁੰਗਾ ਵਿਖੇ ਹੀਰਾ ਸਿੰਘ ਕੰਡਿਆਂ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੀ ਪੀ ਆਈ ਐੱਮ ਤੇ ਸੀ ਪੀ ਆਈ ਦੇ ਆਗੂਆਂ ਮੇਜਰ ਸਿੰਘ ਦਰਾਜਕੇ ਤੇ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਦੋਵਾਂ ਕਮਿਊਨਿਸਟ ਪਾਰਟੀਆਂ ਵਲੋਂ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੋਵੇਂ ਕਮਿਊਨਿਸਟ ਪਾਰਟੀਆਂ ਆਪਣੇ ਸਾਰੇ ਕੇਡਰ ਸਮੇਤ ਮੁਹਿੰਮ ਚਲਾ ਕੇ ਲੋਕਾਂ ਨੂੰ ਅਪੀਲ ਕਰਨਗੀਆਂ ਕਿ ਕਿਸਾਨਾਂ, ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਵੋਟ ਦਾ ਹੱਕਦਾਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਹੈ, ਕਿਉਕਿ ਕਮਿਊਨਿਸਟ ਪਾਰਟੀਆਂ ਦੀਆਂ ਨੀਤੀਆਂ ਅਨੁਸਾਰ ਇਹ ਵਿਅਕਤੀ ਹਰ ਵਕਤ ਬਿਨਾਂ ਕਿਸੇ ਲਾਲਚ ਦੇ ਲੋਕ ਹੱਕਾਂ ਲਈ ਸੰਘਰਸ਼ਸ਼ੀਲ ਰਹਿੰਦਾ ਹੈ।ਇਸ ਮੌਕੇ ਫੈਸਲਾ ਕੀਤਾ ਗਿਆ ਕਿ ਚੋਣ ਮੁਹਿੰਮ ਭਖਾਉਣ ਲਈ ਤਰਨ ਤਾਰਨ ਵਿਖੇ 12 ਮਈ, ਭਿੱਖੀਵਿੰਡ 13 ਨੂੰ, ਹਰੀਕੇ 14 ਅਤੇ ਖਡੂਰ ਸਾਹਿਬ 15 ਨੂੰ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਉਮੀਦਵਾਰ ਕਾਮਰੇਡ ਗੁਰਦਿਆਲ ਸਿੰਘ ਤੋਂ ਇਲਾਵਾ ਇੰਦਰਜੀਤ ਸਿੰਘ ਮਰਹਾਣਾ, ਦਵਿੰਦਰ ਸੋਹਲ, ਤਾਰਾ ਸਿੰਘ ਖਹਿਰਾ, ਸੁਖਦੇਵ ਸਿੰਘ ਗੋਹਲਵੜ, ਜਸਵਿੰਦਰ ਸਿੰਘ ਮਾਨੋਚਾਹਲ, ਸੀਮਾ ਸੋਹਲ, ਅਜਮੇਰ ਸਿੰਘ ਤੇ ਬਲਕਾਰ ਸਿੰਘ ਵਲਟੋਹਾ ਵੀ ਮੌਜੂਦ ਸਨ।





