ਮੁਹਾਲੀ (ਗੁਰਜੀਤ ਬਿੱਲਾ)-ਅਪ੍ਰੈਲ 2018 ਤੋਂ ਰੈਗੂਲਰ ਕੀਤੇ 8886 ਅਧਿਆਪਕਾਂ ਵਿੱਚੋਂ ਪੱਖਪਾਤੀ ਢੰਗ ਨਾਲ ਹਰਿੰਦਰ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾ ਦੇ ਰੋਕੇ ਗਏ ਰੈਗੂਲਰ ਆਰਡਰ ਜਾਰੀ ਨਾ ਕੀਤੇ ਜਾਣ ਦੇ ਰੋਸ ਵਜੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਦੀ ਅਗਵਾਈ ਵਿੱਚ ਸੈਂਕੜੇ ਅਧਿਆਪਕਾਂ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਚਕਮਾ ਦੇ ਕੇ ਸਥਾਨਕ ਵਿੱਦਿਆ ਭਵਨ ਦੇ ਅੰਦਰ ਵੜ ਕੇ ਚੌਥੀ ਮੰਜ਼ਲ ‘ਤੇ ਸਥਿਤ ਡੀ ਪੀ ਆਈ (ਸੈ. ਸਿ) ਦੇ ਦਫਤਰ ਦਾ ਘਿਰਾਓ ਕੀਤਾ ਗਿਆ | ਅਧਿਆਪਕਾਂ ਦੇ ਗੁੱਸੇ ਨੂੰ ਵੇਖਦਿਆਂ ਮੌਕੇ ‘ਤੇ ਪੁੱਜੇ ਮੁਹਾਲੀ ਪੁਲਸ ਪ੍ਰਸ਼ਾਸਨ ਦੁਆਰਾ ਜਥੇਬੰਦੀ ਦੇ ਵਫਦ ਦੀ ਮੁਲਾਕਾਤ ਡੀ ਪੀ ਆਈ (ਸੈ ਸਿ) ਕੁਲਜੀਤ ਪਾਲ ਸਿੰਘ ਮਾਹੀ ਨਾਲ ਕਰਵਾਈ ਗਈ, ਜਿਸ ਦੌਰਾਨ ਦੋਵਾਂ ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਹੋਣ ਉਪਰੰਤ ਜਥੇਬੰਦੀ ਵੱਲੋਂ ਘਿਰਾਓ ਖਤਮ ਕਰਕੇ ਜੇਤੂ ਰੈਲੀ ਕੀਤੀ ਗਈ | ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਆਖਿਆ ਕਿ 15 ਜੂਨ ਨੂੰ ਜਥੇਬੰਦੀ ਨਾਲ ਹੋਈ ਮੀਟਿੰਗ ਦੌਰਾਨ ਉਸ ਸਮੇਂ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੋਵਾਂ ਅਧਿਆਪਕਾਂ ਦੇ ਰੈਗੂਲਰ ਆਰਡਰ 30 ਜੂਨ ਤੱਕ ਜਾਰੀ ਕਰਨ ਦਾ ਵਾਅਦਾ ਕੀਤਾ ਸੀ, ਪਰ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹਨਾਂ ਅਧਿਆਪਕਾਂ ਦੇ ਆਰਡਰ ਜਾਰੀ ਨਹੀਂ ਕੀਤੇ, ਜਿਸ ਕਾਰਨ ਜਥੇਬੰਦੀ ਵੱਲੋਂ ਘਿਰਾਓ ਕੀਤਾ ਗਿਆ | ਉਹਨਾਂ ਆਖਿਆ ਕਿ ਜਿੱਥੇ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਆਰਡਰਾਂ ਤੋਂ ਵਾਂਝਾ ਰੱਖਿਆ ਗਿਆ, ਉੱਥੇ ਹਰਿੰਦਰ ਸਿੰਘ ਨੂੰ ਪਿਛਲੇ 16 ਮਹੀਨੇ ਤੋਂ ਕਿਸੇ ਤਰ੍ਹਾਂ ਦੀ ਤਨਖਾਹ ਨਾ ਦੇ ਕੇ ਉਹਨਾਂ ਦਾ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ | ਘਿਰਾਓ ਪ੍ਰਦਰਸ਼ਨ ਨੂੰ ਦੇਖਦੇ ਹੋਏ ਜਥੇਬੰਦੀ ਨੂੰ ਡੀ ਪੀ ਆਈ ਵੱਲੋਂ ਦੋਨੋਂ ਅਧਿਆਪਕਾਂ ਦੇ ਆਰਡਰ ਜਾਰੀ ਕਰਕੇ ਉਸ ਦੀ ਕਾਪੀ ਮੁਹੱਈਆ ਕਰਵਾਈ ਗਈ | ਰੈਗੂਲਰ ਆਰਡਰਾਂ ਵਿੱਚ ਨਿਯੁਕਤੀ ਦੀ ਮਿਤੀ ਸੰਬੰਧੀ ਕੀਤੇ ਪੱਖਪਾਤ ਬਾਰੇ ਇਤਰਾਜ਼ ਪ੍ਰਗਟਾਉਣ ‘ਤੇ ਇਸ ਮਸਲੇ ਸਮੇਤ ਹੋਰ ਵਿਭਾਗੀ ਮੰਗਾਂ ਲਈ ਡੀ ਪੀ ਆਈ ਵੱਲੋਂ ਜਥੇਬੰਦੀ ਨਾਲ 2 ਅਗਸਤ ਦੀ ਮੀਟਿੰਗ ਕਰਨ ਦਾ ਭਰੋਸਾ ਦੇਣ ਉਪਰੰਤ ਅਧਿਆਪਕਾਂ ਵੱਲੋਂ ਘਿਰਾਓ ਪ੍ਰੋਗਰਾਮ ਮੁਲਤਵੀ ਕਰਕੇ ਐਲਾਨ ਕੀਤਾ ਗਿਆ ਕਿ ਜੇਕਰ ਵਿਭਾਗ ਵੱਲੋਂ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰੇਗੀ ਤਾਂ ਜਥੇਬੰਦੀ ਵੱਲੋਂ ਮੁੜ ਸੰਘਰਸ਼ ਉਲੀਕਿਆ ਜਾਵੇਗਾ |