ਮੁੰਬਈ : ਮੁੰਬਈ ਪੁਲਸ ਦੀ ਆਰਮਜ਼ ਯੂਨਿਟ ’ਚ ਤਾਇਨਾਤ 30 ਸਾਲਾ ਕਾਂਸਟੇਬਲ ਦੀ ਨਸ਼ੇੜੀਆਂ ਵੱਲੋਂ ਲਗਾਏ ਜ਼ਹਿਰ ਦੇ ਟੀਕੇ ਕਾਰਨ ਮੌਤ ਹੋ ਗਈ। ਇਹ ਟੀਕਾ ਉਦੋਂ ਲਗਾਇਆ ਜਦੋਂ ਉਹ ਨਸ਼ੇੜੀਆਂ ਤੋਂ ਆਪਣਾ ਫੋਨ ਵਾਪਸ ਲੈਣ ਲਈ ਜੱਦੋਜਹਿਦ ਕਰ ਰਿਹਾ ਸੀ।
ਕਾਂਸਟੇਬਲ ਵਿਸ਼ਾਲ ਪਵਾਰ ਠਾਣੇ ਦਾ ਰਹਿਣ ਵਾਲਾ ਸੀ ਤੇ ਉਸ ਨੂੰ ਠਾਣੇ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਪਰ ਤਿੰਨ ਦਿਨ ਬਾਅਦ ਦਮ ਤੋੜ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ 28 ਅਪਰੈਲ ਦੀ ਰਾਤ ਕਰੀਬ 9.30 ਵਜੇ ਪਵਾਰ ਸਾਦੇ ਕੱਪੜਿਆਂ ’ਚ ਉਪਨਗਰੀ ਰੇਲਗੱਡੀ ’ਤੇ ਸਵਾਰ ਹੋ ਕੇ ਡਿਊਟੀ ਲਈ ਜਾ ਰਿਹਾ ਸੀ। ਪਵਾਰ ਦਰਵਾਜ਼ੇ ਕੋਲ ਖੜ੍ਹਾ ਸੀ ਅਤੇ ਫੋਨ ’ਤੇ ਗੱਲ ਕਰ ਰਿਹਾ ਸੀ। ਜਿਵੇਂ ਹੀ ਮੁੰਬਈ ਦੇ ਸਿਓਨ ਅਤੇ ਮਾਟੁੰਗਾ ਸਟੇਸ਼ਨਾਂ ਵਿਚਕਾਰ ਰੇਲਗੱਡੀ ਹੌਲੀ ਹੋਈ, ਪਟੜੀ ਦੇ ਨੇੜੇ ਖੜ੍ਹੇ ਅਣਪਛਾਤੇ ਵਿਅਕਤੀ ਨੇ ਪਵਾਰ ਦੇ ਹੱਥ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਮੋਬਾਈਲ ਫੋਨ ਹੇਠਾਂ ਡਿੱਗ ਗਿਆ। ਮੁਲਜ਼ਮ ਨੇ ਫੋਨ ਚੁੱਕਿਆ ਅਤੇ ਪਟੜੀ ਦੇ ਵਿਚਕਾਰ ਭੱਜਣਾ ਸ਼ੁਰੂ ਕਰ ਦਿੱਤਾ। ਪਵਾਰ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੂਰੀ ’ਤੇ ਉਸ ਨੂੰ ਨਸ਼ੇੜੀਆਂ ਦੇ ਟੋਲੇ ਨੇ ਘੇਰ ਲਿਆ ਅਤੇ ਕੁਝ ਹੀ ਦੇਰ ’ਚ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਨਸ਼ੇੜੀਆਂ ਨੇ ਪਵਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਇੱਕ ਨੇ ਪਵਾਰ ਦੀ ਪਿੱਠ ’ਤੇ ਜ਼ਹਿਰੀਲੇ ਪਦਾਰਥ ਦਾ ਟੀਕਾ ਲਗਾ ਦਿੱਤਾ, ਜਦੋਂ ਕਿ ਦੂਜਿਆਂ ਨੇ ਉਸ ਨੂੰ ਫੜ ਲਿਆ। ਉਨ੍ਹਾਂ ਨੇ ਉਸ ਦੇ ਮੂੰਹ ’ਚ ਲਾਲ ਰੰਗ ਦਾ ਤਰਲ ਵੀ ਪਾ ਦਿੱਤਾ। ਪਵਾਰ ਬੇਹੋਸ਼ ਹੋ ਗਿਆ।
ਅਗਲੀ ਸਵੇਰ ਉਸ ਨੂੰ ਹੋਸ਼ ਆ ਗਿਆ ਅਤੇ ਘਰ ਪਰਤਣ ’ਚ ਕਾਮਯਾਬ ਹੋ ਗਿਆ, ਪਰ ਜਦੋਂ ਉਸ ਦੀ ਹਾਲਤ ਵਿਗੜਦੀ ਗਈ ਤਾਂ ਉਸ ਦੇ ਪਰਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਇਲਾਜ ਦੌਰਾਨ ਪਵਾਰ ਦੀ ਸਿਹਤ ਵਿਗੜ ਗਈ ਅਤੇ ਮੌਤ ਹੋ ਗਈ।