ਨਵੀਂ ਦਿੱਲੀ : ਕੇਂਦਰ ਨੇ ਵੀਰਵਾਰ ਸੁਪਰੀਮ ਕੋਰਟ ਨੂੰ ਕਿਹਾ ਕਿ ਸੀ ਬੀ ਆਈ ਉਸ ਦੇ ਕੰਟਰੋਲ ਹੇਠ ਨਹੀਂ ਹੈ। ਕੇਂਦਰ ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਦਾਇਰ ਮੁਕੱਦਮੇ ’ਤੇ ਆਪਣੇ ਮੁਢਲੇ ਇਤਰਾਜ਼ ’ਚ ਇਹ ਗੱਲ ਕਹੀ। ਬੰਗਾਲ ਸਰਕਾਰ ਨੇ ਆਪਣੇ ਮੁਕੱਦਮੇ ’ਚ ਕਿਹਾ ਹੈ ਕਿ ਸੀ ਬੀ ਆਈ ਰਾਜ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਕਈ ਮਾਮਲਿਆਂ ’ਚ ਆਪਣੀ ਜਾਂਚ ਨੂੰ ਅੱਗੇ ਵਧਾ ਰਹੀ ਹੈ। ਪੱਛਮੀ ਬੰਗਾਲ ਸਰਕਾਰ ਨੇ ਸੰਵਿਧਾਨ ਦੀ ਧਾਰਾ 131 ਦੇ ਤਹਿਤ ਕੇਂਦਰ ਖਿਲਾਫ ਸੁਪਰੀਮ ਕੋਰਟ ’ਚ ਮੁਕੱਦਮਾ ਦਾਇਰ ਕੀਤਾ ਹੈ, ਜਿਸ ’ਚ ਦੋਸ਼ ਲਾਇਆ ਗਿਆ ਹੈ ਕਿ ਸੀ ਬੀ ਆਈ ਐੱਫ ਆਈ ਆਰ ਦਰਜ ਕਰ ਰਹੀ ਹੈ ਅਤੇ ਆਪਣੀ ਜਾਂਚ ਨੂੰ ਅੱਗੇ ਵਧਾ ਰਹੀ ਹੈ ਭਾਵੇਂ ਕਿ ਰਾਜ ਨੇ ਆਪਣੇ ਅਧਿਕਾਰ ਖੇਤਰ ਦੇ ਅਧੀਨ ਕੇਸਾਂ ਦੀ ਜਾਂਚ ਕਰਨ ਲਈ ਇਸ ਕੇਂਦਰੀ ਏਜੰਸੀ ਨੂੰ ਦਿੱਤੀ ਗਈ ਆਮ ਸਹਿਮਤੀ ਵਾਪਸ ਲੈ ਲਈ ਹੈ।




