ਫਗਵਾੜਾ (ਇੰਦਰਜੀਤ ਸਿੰਘ ਮਠਾੜੂ, ਡਾ. ਰਮਨ, ਜਸਵਿੰਦਰ ਢੱਡਾ)
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਫਗਵਾੜਾ ’ਚ ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਲਈ ਚੋਣ ਪ੍ਰਚਾਰ ਕਰਦਿਆਂ ਰੋਡ ਸ਼ੋਅ ਕੀਤਾ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾ. ਚੱਬੇਵਾਲ ਨੂੰ ਪਾਰਲੀਮੈਂਟ ਵਿੱਚ ਆਪਣਾ ਨੁਮਾਇੰਦਾ ਚੁਣਨ, ਕਿਉਕਿ ਉਹ ਇੱਕ ਸਧਾਰਨ ਪਰਵਾਰ ਤੋਂ ਹਨ, ਉਹ ਇੱਕ ਜ਼ਮੀਨੀ ਆਗੂ ਹਨ, ਜੋ ਆਮ ਲੋਕਾਂ ਦੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ।
ਰੋਡ ਸ਼ੋਅ ਦੌਰਾਨ ਮਾਨ ਨੇ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਪਿਆਰ, ਭਰੋਸੇ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਉਹ ਇਸ ਪਿਆਰ ਦਾ ਕਰਜ਼ ਕਦੇ ਨਹੀਂ ਚੁਕਾ ਸਕਦੇ, ਪਰੰਤੂ ਉਹ ਸ਼ੁਕਰਗੁਜ਼ਾਰ ਹਨ ਕਿ ਲੋਕਾਂ ਨੇ ਉਨ੍ਹਾ ਨੂੰ ਐਨੀ ਵੱਡੀ ਜ਼ਿੰਮੇਵਾਰੀ ਲਈ ਚੁਣਿਆ। ਉਨ੍ਹਾ ਕਿਹਾ ਕਿ ਉਹ ਪੰਜਾਬ ਨੂੰ ਇੱਕ ਵਾਰ ਫਿਰ ਤੋਂ ‘ਸੋਨੇ ਦੀ ਚਿੜੀ’ ਬਣਾਉਣਗੇ। ਉਨ੍ਹਾ ਕਿਹਾ ਕਿ ਉਹ ਰਵਾਇਤੀ ਅਤੇ ਵੰਸ਼ਵਾਦੀ ਸਿਆਸਤਦਾਨਾਂ ਤੋਂ ਦੁਖੀ ਹਨ, ਕਿਉਕਿ ਆਮ ਪਰਵਾਰਾਂ ਦੇ ਧੀ-ਪੁੱਤ ਵਿਧਾਨ ਸਭਾ ’ਚ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਬਣ ਕੇ ਪਹੁੰਚ ਗਏ ਹਨ।ਉਹ ਸਮਝਦੇ ਸਨ ਕਿ ਸੱਤਾ ਅਤੇ ਰਾਜਨੀਤੀ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ। ਹਰ ਵਰਗ ਦੇ ਲੋਕਾਂ ਤੋਂ ਮਿਲ ਰਿਹਾ ਪਿਆਰ ਅਤੇ ਸਤਿਕਾਰ ਹੀ ਮੇਰੀ ਉਮਰ ਭਰ ਦੀ ਕਮਾਈ ਹੈ। ਮਾਨ ਨੇ ਕਿਹਾ ਕਿ ਪੂਰਾ ਪੰਜਾਬ ਉਨ੍ਹਾ ਦਾ ਪਰਵਾਰ ਹੈ, ਜਦੋਂ ਕੋਈ ਕਾਰੋਬਾਰੀ ਮੇਰੇ ਕੋਲ ਕੋਈ ਪ੍ਰਸਤਾਵ ਲੈ ਕੇ ਆਉਦਾ ਹੈ ਤਾਂ ਮੈਂ ਉਸ ਦੀ ਹਰ ਤਰ੍ਹਾਂ ਨਾਲ ਮਦਦ ਕਰਦਾ ਹਾਂ ਅਤੇ ਬਦਲੇ ’ਚ ਸਿਰਫ਼ ਇਕ ਗੱਲ ਮੰਗਦਾ ਹਾਂ ਕਿ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਿਓ।
ਉਹਨਾ ਕਿਹਾ ਕਿ ਮੈਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਐਨੀ ਤਾਕਤ ਅਤੇ ਪ੍ਰਸਿੱਧੀ ਕਿਸੇ ਦਾ ਵੀ ਦਿਮਾਗ਼ ਖ਼ਰਾਬ ਕਰ ਸਕਦੀ ਹੈ, ਪਰੰਤੂ ਤੁਸੀਂ ਕਿਵੇਂ ਜ਼ਮੀਨ ਨਾਲ ਜੁੜੇ ਹੋ, ਮੈਂ ਉਸ ਨੂੰ ਕਿਹਾ ਕਿ ਮੈਂ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਮਸ਼ਹੂਰ ਸੀ, ਮੈਨੂੰ ਪ੍ਰਸਿੱਧੀ ਦੀ ਲੋੜ ਨਹੀਂ, ਪਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਜਾਣੂ ਹਾਂ। ਮੈਨੂੰ 13 ਹੋਰ ਹੱਥ ਅਤੇ ਆਵਾਜ਼ਾਂ ਦਿਓ, ਜੋ ਮੇਰੇ ਦੋ ਸਾਲਾਂ ਦੇ ਕੰਮਾਂ ਦਾ ਸਬੂਤ ਹੋਵੇਗਾ। ਮਾਨ ਨੇ ਕਿਹਾ ਕਿ ਉਹ ਅਤੇ ਉਨ੍ਹਾ ਦੀ ਸਰਕਾਰ ਹੋਰ ਵੀ ਜੋਸ਼ ਨਾਲ ਕੰਮ ਕਰੇਗੀ।ਮੁੱਖ ਮੰਤਰੀ ਨੇ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਇੱਕ ਆਮ ਪਰਵਾਰ ਤੋਂ ਆਏ ਹਨ, ਉਹ ਆਪਣੀ ਮਿਹਨਤ ਅਤੇ ਹੁਸ਼ਿਆਰਪੁਰ ਦੇ ਲੋਕਾਂ ਦੀ ਸੇਵਾ ਕਰਕੇ ਬੁਲੰਦੀਆਂ ’ਤੇ ਪਹੁੰਚੇ ਹਨ। ਅੰਤ ਵਿੱਚ ਡਾ. ਰਾਜ ਕੁਮਾਰ ਚੱਬੇਵਾਲ ਨੇ ਸੀ ਐੱਮ ਮਾਨ ਅਤੇ ਫਗਵਾੜਾ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।





