ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਵੀਰਵਾਰ ਕਿਹਾ ਕਿ ਕਰਨਾਟਕ ਦੇ ਹਾਸਨ ਤੋਂ ਜਨਤਾ ਦਲ (ਸੈਕੂਲਰ) ਦੇ ਉਮੀਦਵਾਰ ਤੇ ਵਰਤਮਾਨ ਸਾਂਸਦ ਪ੍ਰਜਵਲ ਰੇਵੰਨਾ ਦੀ ਸ਼ਮੂਲੀਅਤ ਦਾ ਮਾਮਲਾ ਸਿਰਫ ਸੈਕਸ ਸਕੈਂਡਲ ਨਹੀਂ, ਸਗੋਂ ਥੋਕ ’ਚ ਬਲਾਤਕਾਰ ਦਾ ਮਾਮਲਾ ਹੈ। ਕਰਨਾਟਕ ਦੇ ਸ਼ਿਵਮੋਗਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਨੇ ਜਨਤਾ ਦਲ (ਸੈਕੂਲਰ) ਨਾਲ ਗੱਠਜੋੜ ਕੀਤਾ ਤੇ ਥੋਕ ਬਲਾਤਕਾਰੀ (ਮਾਸ ਰੈਪਿਸਟ) ਦੇ ਹੱਕ ਵਿਚ ਵੋਟਾਂ ਮੰਗੀਆਂ। ਪ੍ਰਜਵਲ ਨੇ ਸੈਂਕੜੇ ਔਰਤਾਂ ਨਾਲ ਬਲਾਤਕਾਰ ਕੀਤਾ ਤੇ ਉਨ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਾਈਆਂ ਅਤੇ ਮੋਦੀ ਨੇ ਮੰਚ ਤੋਂ ਬਲਾਤਕਾਰੀ ਦੀ ਹਮਾਇਤ ਕੀਤੀ ਤੇ ਕਿਹਾ-ਜੇ ਤੁਸੀਂ ਇਸ ਬਲਾਤਕਾਰੀ ਦੇ ਹੱਕ ਵਿਚ ਵੋਟ ਪਾਓਗੇ ਤਾਂ ਇਹ ਮੇਰੀ ਮਦਦ ਹੋਵੇਗੀ। ਮੋਦੀ ਜੀ ਨੂੰ ਦੇਸ਼ ਦੀਆਂ ਔਰਤਾਂ ਤੋਂ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਮੁਆਫੀ ਮੰਗਣੀ ਚਾਹੀਦੀ ਹੈ।
ਰਾਹੁਲ ਨੇ ਇਹ ਵੀ ਦੋਸ਼ ਲਾਇਆ ਕਿ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵੇਗੌੜਾ ਦੇ ਪੋਤੇ ਪ੍ਰਜਵਲ ਨੂੰ ਦੇਸ਼ ਵਿੱਚੋਂ ਭੱਜਣ ’ਚ ਮਦਦ ਕੀਤੀ। 400 ਔਰਤਾਂ ਨਾਲ ਬਲਾਤਕਾਰ ਕਰਨ ਵਾਲੇ ਨੂੰ ਜਰਮਨੀ ਭੱਜਣ ਤੋਂ ਮੋਦੀ ਨੇ ਰੋਕਿਆ ਨਹੀਂ। ਪ੍ਰਧਾਨ ਮੰਤਰੀ ਮੋਦੀ ਕੋਲ ਸਰਕਾਰੀ ਮਸ਼ੀਨਰੀ ਹੈ ਪਰ ਉਨ੍ਹਾ ਥੋਕ ਬਲਾਤਕਾਰੀ ਨੂੰ ਜਰਮਨੀ ਭੱਜਣ ਦਿੱਤਾ। ਇਹੀ ਹੈ ਮੋਦੀ ਦੀ ਗਰੰਟੀ। ਭਾਵੇਂ ਕੋਈ ਕੁਰੱਪਟ ਆਗੂ ਹੈ ਜਾਂ ਸਮੂਹਕ ਬਲਾਤਕਾਰੀ, ਭਾਜਪਾ ਉਸ ਨੂੰ ਬਚਾਏਗੀ। ਪ੍ਰਜਵਲ, ਜਿਸ ਦੇ ਹਲਕੇ ਹਾਸਨ ਵਿਚ ਵੋਟਾਂ ਪੈ ਚੁੱਕੀਆਂ ਹਨ, ਬਾਰੇ ਹਾਸਨ ਵਿਚ ਹਜ਼ਾਰਾਂ ਵੀਡੀਓ ਚੱਲ ਰਹੀਆਂ ਹਨ। ਬਹੁਤੀਆਂ ਵੀਡੀਓ ਉਸ ਨੇ ਕਥਿਤ ਤੌਰ ’ਤੇ ਆਪਣੇ ਦਫਤਰ ਤੇ ਘਰ ਵਿਚ ਬਣਾਈਆਂ। ਗੌੜਾ ਪਰਵਾਰ ਤੇ ਭਾਜਪਾ ਨੇ ਸ਼ੁਰੂ ਵਿਚ ਇਨ੍ਹਾਂ ਵੀਡੀਓਜ਼ ਨੂੰ ਜਾਅਲੀ ਦੱਸਿਆ ਸੀ, ਪਰ ਬਾਅਦ ਵਿਚ ਪ੍ਰਜਵਲ ਦੇ ਚਾਚੇ ਤੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਨੇ ਉਸ ਦੀ ਹਮਾਇਤ ਕਰਨ ਦੀ ਥਾਂ ਕਿਹਾ ਕਿ ਪੁਲਸ ਜਾਂਚ ਹੋ ਲੈਣ ਦਿਓ, ਅਸਲੀਅਤ ਸਾਹਮਣੇ ਆ ਜਾਵੇਗੀ। ਕਰਨਾਟਕ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਹੈ। ਰੌਲਾ ਵਧਣ ਤੋਂ ਬਾਅਦ ਜਨਤਾ ਦਲ (ਸੈਕੂਲਰ) ਨੇ ਪ੍ਰਜਵਲ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ।



