27.9 C
Jalandhar
Sunday, September 8, 2024
spot_img

ਲੁਧਿਆਣਾ ਦੇ ਕਿਸ਼ੋਰੀ ਲਾਲ ਸ਼ਰਮਾ ਅਮੇਠੀ ਤੋਂ ਕਾਂਗਰਸ ਉਮੀਦਵਾਰ

ਅਮੇਠੀ : ਰਾਹੁਲ ਗਾਂਧੀ ਨੇ ਸ਼ੁੱਕਰਵਾਰ ਰਾਏ ਬਰੇਲੀ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ | ਇਸ ਮੌਕੇ ਉਨ੍ਹਾ ਦੀ ਮਾਂ ਸੋਨੀਆ ਗਾਂਧੀ, ਭੈਣ ਪਿ੍ਅੰਕਾ ਗਾਂਧੀ ਵਾਡਰਾ ਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਹਾਜ਼ਰ ਸਨ | ਰਾਹੁਲ ਸੋਨੀਆ ਗਾਂਧੀ, ਪਿ੍ਯੰਕਾ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹੋਰਨਾਂ ਨਾਲ ਫੁਰਸਤਗੰਜ ਹਵਾਈ ਅੱਡੇ ‘ਤੇ ਜਹਾਜ਼ ਤੋਂ ਉਤਰੇ | ਪਾਰਟੀ ਨੇ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਤੋਂ ਮੈਦਾਨ ‘ਚ ਉਤਾਰਿਆ ਹੈ ਤੇ ਸ਼ਰਮਾ ਨੇ ਵੀ ਕਾਗਜ਼ ਦਾਖਲ ਕਰ ਦਿੱਤੇ ਹਨ | ਸ਼ਰਮਾ ਪਿੱਛਿਓਾ ਲੁਧਿਆਣਾ ਦੇ ਹਨ | ਰਾਏ ਬਰੇਲੀ ਸੀਟ ਦੀ ਸੋਨੀਆ ਗਾਂਧੀ ਨੁਮਾਇੰਦਗੀ ਕਰ ਰਹੇ ਸਨ, ਪਰ ਹੁਣ ਰਾਜ ਸਭਾ ਮੈਂਬਰ ਬਣ ਗਏ ਹਨ |
ਰਾਹੁਲ ਨੇ ਕੇਰਲਾ ਦੇ ਵਾਇਨਾਡ ਤੋਂ ਵੀ ਚੋਣ ਲੜੀ ਹੈ | ਪਹਿਲਾਂ ਚਰਚਾ ਸੀ ਕਿ ਉਹ ਅਮੇਠੀ ਤੇ ਪਿ੍ਅੰਕਾ ਰਾਏ ਬਰੇਲੀ ਤੋਂ ਲੜਨਗੇ | ਪਿਛਲੀ ਵਾਰ ਰਾਹੁਲ ਅਮੇਠੀ ਤੋਂ ਭਾਜਪਾ ਦੀ ਸਿਮਰਤੀ ਈਰਾਨੀ ਤੋਂ ਹਾਰ ਗਏ ਸਨ |
ਇਸੇ ਦੌਰਾਨ ਰਾਹੁਲ ਗਾਂਧੀ ‘ਤੇ ਵਿਅੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਹਿਜ਼ਾਦਾ ਨੂੰ ਵਾਇਨਾਡ ‘ਚ ਹਾਰ ਦਾ ਡਰ ਹੈ, ਜਿਸ ਕਾਰਨ ਉਸ ਨੂੰ ਰਾਏਬਰੇਲੀ ਹਲਕੇ ਤੋਂ ਵੀ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ | ਮੈਂ ਪਹਿਲਾਂ ਕਿਹਾ ਸੀ ਕਿ ਸ਼ਹਿਜ਼ਾਦਾ ਵਾਇਨਾਡ ਤੋਂ ਹਾਰ ਜਾਵੇਗਾ ਅਤੇ ਜਲਦੀ ਹੀ ਵਾਇਨਾਡ ਦੀਆਂ ਚੋਣਾਂ ਖਤਮ ਹੋਣ ਬਾਅਦ ਉਹ ਦੂਜੀ ਸੀਟ ਦੀ ਭਾਲ ਵਿਚ ਜਾਵੇਗਾ | ਉਸ ਦੇ ਸਮਰਥਕ ਦਾਅਵਾ ਕਰ ਰਹੇ ਸਨ ਕਿ ਉਹ ਅਮੇਠੀ ਤੋਂ ਲੜੇਗਾ, ਪਰ ਅਜਿਹਾ ਲਗਦਾ ਹੈ ਕਿ ਉਹ ਅਮੇਠੀ ਤੋਂ ਵੀ ਡਰਿਆ ਹੋਇਆ ਹੈ | ਇਸ ਲਈ ਹੁਣ ਸ਼ਹਿਜ਼ਾਦਾ ਰਾਏ ਬਰੇਲੀ ਤੋਂ ਮੈਦਾਨ ‘ਚ ਆ ਰਿਹਾ ਹੈ | ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਦੇ ਬਰਦਵਾਨ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ—ਮੈਂ ਸੰਸਦ ‘ਚ ਪਹਿਲਾਂ ਹੀ ਕਿਹਾ ਸੀ ਕਿ ਉਨ੍ਹਾ ਦੀ (ਕਾਂਗਰਸ ਦੀ) ਸਭ ਤੋਂ ਵੱਡੀ ਨੇਤਾ ਚੋਣ ਲੜਨ ਦੀ ਹਿੰਮਤ ਨਹੀਂ ਕਰੇਗੀ ਅਤੇ ਉਹ ਭੱਜ ਜਾਵੇਗੀ |
ਕਿਸ਼ੋਰੀ ਲਾਲ ਸ਼ਰਮਾ ਲੁਧਿਆਣਾ ਦੇ ਹਨ | ਉਨ੍ਹਾ 1983 ਵਿਚ ਰਾਜੀਵ ਗਾਂਧੀ ਨਾਲ ਰਾਏ ਬਰੇਲੀ ਤੇ ਅਮੇਠੀ ਵਿਚ ਕਦਮ ਰੱਖੇ ਸਨ | ਰਾਜੀਵ ਦੀ ਮੌਤ ਤੋਂ ਬਾਅਦ ਉਨ੍ਹਾ ਦੇ ਗਾਂਧੀ ਪਰਵਾਰ ਨਾਲ ਪਰਵਾਰਕ ਰਿਸ਼ਤੇ ਹੋ ਗਏ ਤੇ ਉਹ ਗਾਂਧੀ ਪਰਵਾਰ ਦੇ ਹੀ ਹੋ ਕੇ ਰਹਿ ਗਏ | 1991 ਵਿਚ ਰਾਜੀਵ ਦੀ ਮੌਤ ਦੇ ਬਾਅਦ ਕਦੇ ਉਹ ਸ਼ੀਲਾ ਕੌਲ ਦਾ ਕੰਮ ਦੇਖਦੇ ਤੇ ਕਦੇ ਸਤੀਸ਼ ਸ਼ਰਮਾ ਦੇ ਕੰਮ ਦੇਖਣ ਲਈ ਰਾਏ ਬਰੇਲੀ ਤੇ ਅਮੇਠੀ ਜਾਂਦੇ ਰਹਿੰਦੇ ਸਨ | ਜਦੋਂ ਸੋਨੀਆ ਗਾਂਧੀ ਨੇ ਸਿਆਸਤ ਵਿਚ ਕਦਮ ਰੱਖਿਆ ਤਾਂ ਉਹ ਉਨ੍ਹਾ ਨਾਲ ਅਮੇਠੀ ਆ ਗਏ | ਜਦੋਂ ਸੋਨੀਆ ਅਮੇਠੀ ਸੀਟ ਛੱਡ ਕੇ ਰਾਏ ਬਰੇਲੀ ਚਲੀ ਗਈ ਤਾਂ ਉਹ ਅਮੇਠੀ ਤੇ ਰਾਏ ਬਰੇਲੀ ਦੋਹਾਂ ਸੀਟਾਂ ਦੀ ਜ਼ਿੰਮੇਵਾਰੀ ਨਿਭਾਉਣ ਲੱਗੇ | ਉਹ ਕਾਂਗਰਸ ਦੇ ਬਿਹਾਰ ਦੇ ਇੰਚਾਰਜ ਤੇ ਪੰਜਾਬ ਕਾਂਗਰਸ ਕਮੇਟੀ ਦੇ ਮੈਂਬਰ ਵੀ ਬਣੇ | ਕੁਲ ਹਿੰਦ ਕਾਂਗਰਸ ਕਮੇਟੀ ਦੇ ਵੀ ਮੈਂਬਰ ਵੀ ਰਹੇ |
1951-52 ਵਿਚ ਪਹਿਲੀਆਂ ਲੋਕ ਸਭਾ ਚੋਣਾਂ ਵਿਚ ਰਾਏ ਬਰੇਲੀ ਤੇ ਪ੍ਰਤਾਪਗੜ੍ਹ ਜ਼ਿਲਿ੍ਹਆਂ ਨੂੰ ਮਿਲਾ ਕੇ ਲੋਕ ਸਭਾ ਸੀਟ ਬਣੀ ਸੀ | ਪਹਿਲੀ ਚੋਣ ਇੰਦਰਾ ਗਾਂਧੀ ਦੇ ਪਤੀ ਫਿਰੋਜ਼ ਗਾਂਧੀ ਜਿੱਤੇ ਸਨ | 1957 ਵਿਚ ਰਾਏ ਬਰੇਲੀ ਆਜ਼ਾਦ ਸੀਟ ਬਣੀ ਤੇ ਫਿਰ ਫਿਰੋਜ਼ ਗਾਂਧੀ ਜਿੱਤੇ | ਇੰਦਰਾ ਤੇ ਫਿਰੋਜ਼ ਦਾ 26 ਮਾਰਚ 1942 ਨੂੰ ਵਿਆਹ ਹੋਇਆ ਸੀ | ਪੱਤਰਕਾਰ ਤੋਂ ਆਗੂ ਬਣੇ ਫਿਰੋਜ਼ ਗਾਂਧੀ ਸੰਸਦ ਵਿਚ ਆਪਣੇ ਸਹੁਰੇ ਜਵਾਹਰ ਲਾਲ ਨਹਿਰੂ ਦੀ ਸਰਕਾਰ ਦੀ ਵੀ ਅਲੋਚਨਾ ਕਰਨ ਲਈ ਜਾਣੇ ਜਾਂਦੇ ਸਨ | 1962 ਵਿਚ ਫਿਰੋਜ਼ ਗਾਂਧੀ ਦੀ ਮੌਤ ਤੋਂ ਬਾਅਦ ਹੋਈ ਉਪ ਚੋਣ ਤੇ 1962 ਦੀ ਚੋਣ ਗਾਂਧੀ ਪਰਵਾਰ ਨੇ ਨਹੀਂ ਲੜੀ | 1962 ਵਿਚ ਕਾਂਗਰਸ ਵੱਲੋਂ ਬੈਜਨਾਥ ਕੁਰੀਲ ਨੇ ਚੋਣ ਲੜੀ ਤੇ ਜਨਸੰਘ ਦੇ ਤਾਰਾਵਤੀ ਨੂੰ ਹਰਾਇਆ | ਇੰਦਰਾ ਗਾਂਧੀ 1964 ਵਿਚ ਰਾਜ ਸਭਾ ਪਹੁੰਚੀ ਤੇ 1967 ਤੱਕ ਰਾਜ ਸਭਾ ਦੀ ਮੈਂਬਰ ਰਹੀ | 1966 ਵਿਚ ਉਹ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ | 1967 ਵਿਚ ਇੰਦਰਾ ਨੇ ਰਾਏ ਬਰੇਲੀ ਲੋਕ ਸਭਾ ਚੋਣ ਵਿਚ ਆਜ਼ਾਦ ਉਮੀਦਵਾਰ ਬੀ ਸੀ ਸੇਠ ਨੂੰ 91703 ਵੋਟਾਂ ਨਾਲ ਹਰਾਇਆ | 1971 ਦੀ ਚੋਣ ਵਿਚ ਇੰਦਰਾ ਦੇ ਮੁਕਾਬਲੇ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਰਾਜ ਨਾਰਾਇਣ ਨੇ ਚੋਣ ਲੜੀ | ਇੰਦਰਾ ਨੇ ਰਾਜ ਨਾਰਾਇਣ ਨੂੰ 111810 ਵੋਟਾਂ ਨਾਲ ਹਰਾਇਆ | ਰਾਜ ਨਾਰਾਇਣ ਨੇ ਹੇਰਾਫੇਰੀ ਦਾ ਦੋਸ਼ ਲਾ ਕੇ ਅਲਾਹਾਬਾਦ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ | ਹਾਈ ਕੋਰਟ ਨੇ ਇੰਦਰਾ ਦੀ ਚੋਣ ਰੱਦ ਕਰ ਦਿੱਤੀ | ਇੰਦਰਾ ਨੇ ਅਸਤੀਫਾ ਦੇਣ ਤੋਂ ਇਨਕਾਰ ਕਰਕੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੈਲੰਜ ਕੀਤਾ | ਕੁਝ ਚਿਰ ਬਾਅਦ ਐਮਰਜੈਂਸੀ ਲਾ ਦਿੱਤੀ | ਐਮਰਜੈਂਸੀ ਹਟਣ ਤੋਂ ਬਾਅਦ 1977 ਦੀ ਚੋਣ ਵਿਚ ਰਾਏ ਬਰੇਲੀ ਤੋਂ ਰਾਜ ਨਾਰਾਇਣ ਨੇ ਇੰਦਰਾ ਨੂੰ 55202 ਵੋਟਾਂ ਨਾਲ ਹਰਾ ਦਿੱਤਾ |
ਇਸ ਦੇ ਬਾਅਦ ਇੰਦਰਾ ਕਰਨਾਟਕ ਦੀ ਚਿਕਮੰਗਲੂਰ ਸੀਟ ਦੀ ਉਪ ਚੋਣ ਜਿੱਤ ਕੇ ਲੋਕ ਸਭਾ ਪੁੱਜੀ | 1980 ਵਿਚ ਇੰਦਰਾ ਨੇ ਰਾਏ ਬਰੇਲੀ ਵਿਚ ਜਨਤਾ ਪਾਰਟੀ ਦੀ ਵਿਜੇ ਰਾਜੇ ਸਿੰਧੀਆ ਨੂੰ 173654 ਵੋਟਾਂ ਨਾਲ ਹਰਾਇਆ | ਇੰਦਰਾ ਨੇ ਰਾਏ ਬਰੇਲੀ ਦੇ ਨਾਲ ਆਂਧਰਾ ਦੀ ਮੇਡਕ ਸੀਟ (ਹੁਣ ਤਿਲੰਗਾਨਾ ਵਿਚ) ਵੀ ਜਿੱਤੀ ਤੇ ਰਾਏ ਬਰੇਲੀ ਸੀਟ ਛੱਡ ਦਿੱਤੀ | ਰਾਏ ਬਰੇਲੀ ਦੀ ਉਪ ਚੋਣ ਵਿਚ ਕਾਂਗਰਸ ਦੇ ਅਰੁਣ ਨਹਿਰੂ ਜਿੱਤੇ | 1984 ਵਿਚ ਫਿਰ ਅਰੁਣ ਨਹਿਰੂ ਜਿੱਤੇ | 1989 ਵਿਚ ਸ਼ੀਲਾ ਕੌਲ ਜਿੱਤੀ, ਉਸ ਨੇ ਜਨਤਾ ਦਲ ਦੇ ਰਵਿੰਦਰ ਪ੍ਰਤਾਪ ਸਿੰਘ ਨੂੰ 83778 ਵੋਟਾਂ ਨਾਲ ਹਰਾਇਆ | 1991 ਵਿਚ ਸ਼ੀਲਾ ਕੌਲ ਜਨਤਾ ਦਲ ਦੇ ਅਸ਼ੋਕ ਕੁਮਾਰ ਨੂੰ ਮਸੀਂ 3917 ਵੋਟਾਂ ਨਾਲ ਹਰਾ ਸਕੀ | ਸ਼ੀਲਾ ਕੌਲ ਦੇ ਪਤੀ ਕਮਲਾ ਨਹਿਰੂ ਦੇ ਭਰਾ ਸਨ | ਯਾਨਿ ਸ਼ੀਲਾ ਕੌਲ ਇੰਦਰਾ ਦੀ ਮਾਮੀ ਸੀ | 1996 ਵਿਚ ਰਾਏ ਬਰੇਲੀ ਤੋਂ ਸ਼ੀਲਾ ਕੌਲ ਦੇ ਬੇਟੇ ਵਿਕਰਮ ਕੌਲ ਲੜੇ ਤੇ ਉਨ੍ਹਾ ਦੀ ਜ਼ਮਾਨਤ ਜ਼ਬਤ ਹੋ ਗਈ | ਉਨ੍ਹਾ ਨੂੰ ਸਿਰਫ 25457 ਵੋਟਾਂ ਪਈਆਂ | ਕੁਲ ਵੋਟਾਂ ਦਾ 5.29 ਫੀਸਦੀ | 1996 ਦੀ ਚੋਣ ਭਾਜਪਾ ਦੇ ਅਸ਼ੋਕ ਸਿੰਘ ਪੁੱਤਰ ਦਵਿੰਦਰ ਨਾਥ ਸਿੰਘ ਨੇ ਜਨਤਾ ਦਲ ਦੇ ਅਸ਼ੋਕ ਸਿੰਘ ਪੁੱਤਰ ਰਾਮ ਇਕਬਾਲ ਸਿੰਘ ਨੂੰ 33887 ਵੋਟਾਂ ਨਾਲ ਹਰਾਇਆ | 1998 ਦੀਆਂ ਆਮ ਚੋਣਾਂ ਵਿਚ ਭਾਜਪਾ ਦੇ ਅਸ਼ੋਕ ਸਿੰਘ ਫਿਰ ਜਿੱਤੇ | ਉਨ੍ਹਾ ਸਮਾਜਵਾਦੀ ਪਾਰਟੀ ਦੇ ਸੁਰਿੰਦਰ ਬਹਾਦਰ ਸਿੰਘ ਨੂੰ 40722 ਵੋਟਾਂ ਨਾਲ ਹਰਾਇਆ | ਕਾਂਗਰਸ ਉਮੀਦਵਾਰ ਸ਼ੀਲਾ ਕੌਲ ਦੀ ਬੇਟੀ ਦੀਪਾ ਕੌਲ ਦੀ ਜ਼ਮਾਨਤ ਜ਼ਬਤ ਹੋ ਗਈ | 1999 ਵਿਚ ਕਾਂਗਰਸ ਦੇ ਕੈਪਟਨ ਸਤੀਸ਼ ਸ਼ਰਮਾ ਨੇ ਸਮਾਜਵਾਦੀ ਪਾਰਟੀ ਦੇ ਗਜਾਧਰ ਸਿੰਘ ਨੂੰ 73549 ਵੋਟਾਂ ਨਾਲ ਹਰਾਇਆ |
ਦਿਲਚਸਪ ਗੱਲ ਹੈ ਕਿ ਗਾਂਧੀ ਪਰਵਾਰ ਨਾਲ ਸੰਬੰਧ ਰੱਖਣ ਵਾਲੇ ਅਰੁਣ ਨਹਿਰੂ ਭਾਜਪਾ ਦੀ ਟਿਕਟ ‘ਤੇ ਲੜੇ ਸਨ, ਕਿਉਂਕਿ ਰਾਜੀਵ ਨਾਲ ਮਤਭੇਦਾਂ ਕਾਰਨ ਉਨ੍ਹਾ ਕਾਂਗਰਸ ਛੱਡ ਦਿੱਤੀ ਸੀ |
ਰਾਹੁਲ ਨੇ 2004 ਵਿਚ ਚੋਣ ਸਿਆਸਤ ਵਿਚ ਕਦਮ ਰੱਖਿਆ ਤਾਂ ਸੋਨੀਆ ਗਾਂਧੀ ਨੇ ਅਮੇਠੀ ਸੀਟ ਛੱਡ ਦਿੱਤੀ ਤੇ ਰਾਏ ਬਰੇਲੀ ਚਲੇ ਗਈ | ਉਥੋਂ ਸੋਨੀਆ ਨੇ ਸਪਾ ਦੇ ਅਸ਼ੋਕ ਕੁਮਾਰ ਸਿੰਘ ਨੂੰ 249765 ਵੋਟਾਂ ਨਾਲ ਹਰਾਇਆ | 2009 ਵਿਚ ਸੋਨੀਆ ਫਿਰ ਜਿੱਤੀ | ਉਸ ਨੇ ਬਸਪਾ ਦੇ ਆਰ ਐੱਸ ਕੁਸ਼ਵਾਹਾ ਨੂੰ 372165 ਵੋਟਾਂ ਨਾਲ ਹਰਾਇਆ | 2014 ਤੇ 2019 ਵਿਚ ਵੀ ਸੋਨੀਆ ਜਿੱਤੀ |

Related Articles

LEAVE A REPLY

Please enter your comment!
Please enter your name here

Latest Articles