ਵਾਸ਼ਿੰਗਟਨ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮਿ੍ਤਸਰ ਦੇ ਸਮਾਜਕ-ਆਰਥਕ ਵਿਕਾਸ ਲਈ ‘ਸਟਾਰਟਅੱਪਸ’ ਨੂੰ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਹੈ | ਅਮਰੀਕਾ ‘ਚ ਰਹਿੰਦੇ ਭਾਰਤੀ ਭਾਈਚਾਰੇ ਵੱਲੋਂ ਭਾਰਤੀ ਸ਼ਹਿਰ ਲਈ ਅਜਿਹਾ ਐਲਾਨ ਆਪਣੇ ਆਪ ‘ਚ ਨਵੀਂ ਪਹਿਲ ਹੈ | ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਨੇ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਨਾਲ ਮੈਰੀਲੈਂਡ ‘ਚ ਮੀਟਿੰਗ ਕੀਤੀ, ਜਿਥੇ ਵਿਕਸਤ ਅੰਮਿ੍ਤਸਰ ਪਹਿਲ ਦਾ ਐਲਾਨ ਕੀਤਾ ਗਿਆ |
ਇਸ ਪਹਿਲਕਦਮੀ ਦੇ ਮੋਢੀ ਮੈਂਬਰਾਂ ਨੇ ਦੱਸਿਆ ਕਿ ਇਸ ਸ਼ਾਨਦਾਰ ਯੋਜਨਾ ਦੇ ਪ੍ਰੇਰਨਾਸਰੋਤ ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਹਨ, ਜੋ ਵਾਸ਼ਿੰਗਟਨ ‘ਚ ਚਾਰ ਸਾਲ ਦੀ ਕੂਟਨੀਤਕ ਸੇਵਾ ਕਰਨ ਤੋਂ ਬਾਅਦ ਫੋਰਮ ਵੱਲੋਂ ਮਦਦ ਦੇ ਵਾਅਦੇ ਨਾਲ ਆਪਣੇ ਵਤਨ ਪਰਤੇ ਹਨ | ਇਸ ਪਹਿਲਕਦਮੀ ਦਾ ਉਦੇਸ਼ ਨਾ ਸਿਰਫ ਅੰਮਿ੍ਤਸਰ ਨੂੰ ਆਰਥਕ ਅਤੇ ਉਦਯੋਗਿਕ ਵਿਕਾਸ ਦੇ ਲਿਹਾਜ਼ ਨਾਲ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਵਿੱਚੋਂ ਇੱਕ ਵਜੋਂ ਵਿਕਸਤ ਕਰਨਾ ਹੈ, ਸਗੋਂ ਇਸ ਸ਼ਹਿਰ ਨੂੰ ਵਿਸ਼ਵ ‘ਚ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨਾ ਹੈ | (ਤਰਨਜੀਤ ਸਿੰਘ ਸੰਧੂ ਨੂੰ ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਅੰਮਿ੍ਤਸਰ ਤੋਂ ਉਮੀਦਵਾਰ ਬਣਾਇਆ ਹੈ |)



