ਭਿੱਖੀਵਿੰਡ : ਸੀ ਪੀ ਆਈ ਤੇ ਸੀ ਪੀ ਆਈ (ਐੱਮ) ਦੇ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਹਲਕਾ ਖਡੂਰ ਸਾਹਿਬ ਦੇ ਪਿੰਡ-ਪਿੰਡ ਮੀਟਿੰਗਾਂ ਤੇ ਚੋਣ ਜਲਸੇ ਕਰ ਰਹੇ ਹਨ। ਪਿੰਡ ਕਲਸੀਆਂ ਕਲਾਂ ਵਿੱਚ ਵੀ ਉਨ੍ਹਾਂ ਸਰਬ ਭਾਰਤ ਨੌਜਵਾਨ ਸਭਾ ਦੇ ਭਿੱਖੀਵਿੰਡ ਬਲਾਕ ਦੇ ਪ੍ਰਧਾਨ ਜਸਪਾਲ ਸਿੰਘ ਕਲਸੀਆਂ ਦੀ ਪ੍ਰਧਾਨਗੀ ਹੇਠ ਵਿਸ਼ਾਲ ਜਲਸਾ ਕੀਤਾ। ਸੰਬੋਧਨ ਦੌਰਾਨ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਗੁਰਦਿਆਲ ਸਿੰਘ ਖਡੂਰ ਸਾਹਿਬ ਪਾਰਲੀਮੈਂਟ ਵਿੱਚ ਪਹੁੰਚ ਕੇ ਗਰੀਬ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਵਾਸਤੇ ਆਵਾਜ਼ ਉਠਾਏਗਾ। ਅਜੋਕੀਆਂ ਸਰਮਾਏਦਾਰ ਪਾਰਟੀਆਂ ਨੇ ਗਰੀਬਾਂ ਦੀ ਜ਼ਿੰਦਗੀ ਰੋਲ ਦਿੱਤੀ ਹੈ।
ਉਨ੍ਹਾਂ ਨੂੰ ਤਿੰਨ ਵਕਤ ਰੋਟੀ ਵੀ ਨਹੀਂ ਮਿਲਦੀ। ਗਰੀਬ ਲੋਕ ਬਿਨਾਂ ਛੱਤਾਂ ਤੋਂ ਪੁਲਾਂ ਦੇ ਥੱਲੇ ਸੌਂਦੇ ਹਨ। ਇਸ ਪ੍ਰਸਥਿਤੀ ਵਿੱਚ ਹਿੰਦੁਸਤਾਨ ਦੇ ਆਵਾਮ ਨੂੰ ਬਚਾਉਣ ਵਾਸਤੇ ਗੁਰਦਿਆਲ ਸਿੰਘ ਦੇ ਚੋਣ ਨਿਸ਼ਾਨ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਕਾਮਯਾਬ ਕਰੀਏ। ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਕਿਹਾ ਕਿ ਗੁਰਦਿਆਲ ਸਿੰਘ ਜਿੱਤ ਕੇ ਨਰੇਗਾ ਕੰਮ ਸਾਲ ਵਿੱਚ 200 ਦਿਨ ਅਤੇ ਦਿਹਾੜੀ 1000 ਰੁਪਏ ਕਰਾਉਣ ਦੀ ਲੜਾਈ ਪਾਰਲੀਮੈਂਟ ਵਿੱਚ ਲੜੇਗਾ। ਕਿਸਾਨਾਂ- ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਾਉਣ ਲਈ ਆਵਾਜ਼ ਉਠਾਏਗਾ। ਇਸ ਲਈ ਵੋਟਾਂ ਦਾ ਹੱਕਦਾਰ ਗੁਰਦਿਆਲ ਸਿੰਘ ਹੀ ਹੈ, ਇਸ ਲਈ ਦਾਤਰੀ ਸਿੱਟੇ ਨੂੰ ਕਾਮਯਾਬ ਕਰੋ। ਪ੍ਰੋਗਰਾਮ ਨੂੰ ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਮਨਪ੍ਰੀਤ ਕੌਰ ਕਲਸੀਆਂ ਕਲਾਂ, ਸੁਖਦੇਵ ਸਿੰਘ ਕੋਟ ਧਰਮ ਚੰਦ, ਰਛਪਾਲ ਸਿੰਘ ਘੁਰਕਵਿੰਡ, ਜੈਮਲ ਸਿੰਘ ਬਾਠ ਤੇ ਟਹਿਲ ਸਿੰਘ ਲੱਧੂ ਨੇ ਵੀ ਸੰਬੋਧਨ ਕੀਤਾ।





