ਇਸਲਾਮਾਬਾਦ : ਕਿਸਾਨਾਂ ਦੀ ਜਥੇਬੰਦੀ ਕਿਸਾਨ ਇਤੇਹਾਦ ਨੇ ਪਾਕਿਸਤਾਨ ’ਚ ਕਣਕ ਦੀ ਸਰਕਾਰੀ ਖਰੀਦ ਨਾ ਹੋਣ ਦੇ ਰੋੋੋਸ ’ਚ 10 ਮਈ ਤੋਂ ਦੇਸ਼ਵਿਆਪੀ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਇਤੇਹਾਦ ਦੇ ਚੇਅਰਮੈਨ ਖਾਲਿਦ ਖੋਖਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਰਕਾਰ ਦੇਸ਼ ਦੇ ਕਿਸਾਨਾਂ ਤੋਂ ਜਿਣਸ ਖਰੀਦਣ ਦੀ ਥਾਂ ਵਿਦੇਸ਼ਾਂ ਤੋਂ ਦਰਾਮਦ ਕਰ ਰਹੀ ਹੈ। ਇਸ ਖਿਲਾਫ ਕਿਸਾਨ 10 ਮਈ ਨੂੰ ਸੜਕਾਂ ’ਤੇ ਮਾਰਚ ਕਰਨਗੇ। ਖੋਖਰ ਨੇ ਕਣਕ ਦੀ ਦਰਾਮਦ ’ਚ ਭਿ੍ਰਸ਼ਟਾਚਾਰ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ’ਚ ਫਸਣ ਵਾਲਿਆਂ ਨੂੰ ਫਾਂਸੀ ਦਿੱਤੀ ਜਾਵੇ। ਕਣਕ ਮਾਫੀਆ ਨੂੰ ਦਰਾਮਦ ਤੋਂ 100 ਅਰਬ ਰੁਪਏ ਦਾ ਮੁਨਾਫਾ ਹੋਇਆ, ਜਦੋਂ ਕਿ ਪਾਕਿਸਤਾਨ ਨੂੰ ਲੱਗਭੱਗ 1 ਅਰਬ ਡਾਲਰ ਦਾ ਨੁਕਸਾਨ ਹੋਇਆ। ਉਨ੍ਹਾ ਦਾਅਵਾ ਕੀਤਾ ਕਿ ਕਿਸਾਨਾਂ ਨੇ ਵੱਡੀ ਮਾਤਰਾ ’ਚ ਕਣਕ ਦੀ ਪੈਦਾਵਾਰ ਕੀਤੀ, ਪਰ ਉਹ ਕਮਾਈ ਤੋਂ ਵਾਂਝੇ ਰਹਿ ਗਏ, ਕਿਉਂਕਿ ਅਧਿਕਾਰੀਆਂ ਨੇ ਅਨਾਜ ਦੀ ਦਰਾਮਦ ਕਰ ਦਿੱਤੀ। ਉਨ੍ਹਾ ਕਿਹਾ ਕਿ ਹਜ਼ਾਰਾਂ ਕਿਸਾਨ ਲਈ ਸੜਕਾਂ ’ਤੇ ਉਤਰਨਗੇ ਕਿਉਂਕਿ ਸਰਕਾਰ ਨੇ ਉਨ੍ਹਾਂ ਕੋਲ ਕੋਈ ਹੋਰ ਰਾਹ ਨਹੀਂ ਛੱਡਿਆ। ਖੋਖਰ ਅਨੁਸਾਰ ਕਿਸਾਨਾਂ ਨੇ ਪ੍ਰਧਾਨ ਮੰਤਰੀ, ਫੌਜ ਮੁਖੀ, ਆਈ ਐੱਸ ਆਈ ਦੇ ਡਾਇਰੈਕਟਰ ਜਨਰਲ ਅਤੇ ਖੁਰਾਕ ਸੁਰੱਖਿਆ ਮੰਤਰੀ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਨਹੀਂ ਕੀਤਾ ਗਿਆ। ਉਨ੍ਹਾ ਆਮ ਨਾਗਰਿਕਾਂ, ਮੀਡੀਆ, ਵਕੀਲਾਂ ਅਤੇ ਵਪਾਰੀ ਭਾਈਚਾਰੇ ਨੂੰ ਵੀ ਕਿਸਾਨਾਂ ਦੇ ਅੰਦੋਲਨ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਖੋਖਰ ਨੇ ਭਰੋਸਾ ਦਿੱਤਾ ਕਿ ਧਰਨਾ ਸ਼ਾਂਤਮਈ ਰਹੇਗਾ ਅਤੇ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਸਥਾਨਕ ਕਿਸਾਨਾਂ ਤੋਂ ਜਿਣਸ ਦੀ ਖਰੀਦ ਦਾ ਫੈਸਲਾ ਨਹੀਂ ਲੈਂਦੀ।



