ਖਡੂਰ ਸਾਹਿਬ : ਕਾਮਰੇਡ ਗੁਰਦਿਆਲ ਸਿੰਘ ਪਾਰਲੀਮੈਂਟ ਵਿੱਚ ਪਹੁੰਚ ਕੇ 18 ਸਾਲ ਦੀ ਉਮਰ ਤੋਂ ਹਰੇਕ ਕੁੜੀ-ਮੁੰਡੇ ਨੂੰ ਰੁਜ਼ਗਾਰ ਦਿਵਾਉਣ ਵਾਸਤੇ ਪਾਰਲੀਮੈਂਟ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨਬਣਾਉਣ ਦੀ ਲੜਾਈ ਲੜਨਗੇ।ਇਹ ਵਿਚਾਰ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਮਹਾਨ ਦੇਸ਼ ਭਗਤ ਤੇ ਗ਼ਦਰੀ ਬਾਬਾ ਸ਼ੇਰ ਸਿੰਘ ਦੀ ਜਨਮ ਭੂਮੀ ਵੇਈਂਪੂਈਂ, ਭਰੋਵਾਲ ਤੇ ਸ਼ਹੀਦ ਕਾਮਰੇਡ ਅਜੀਤ ਰਾਮ ਫਤਿਆਬਾਦ ਵਿਖੇ ਰੱਖੇ।ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਗ਼ਦਰੀਆਂ ਦੀ ਸੋਚ ਦੀ ਹਿੰਦੁਸਤਾਨ ਵਿੱਚ ਸਰਕਾਰ ਨਹੀਂ ਬਣਦੀ, ਓਨਾ ਚਿਰ ਤੱਕ ਘਰਾਂ ’ਚ ਖੁਸ਼ਹਾਲੀ ਨਹੀਂ ਪਰਤ ਸਕਦੀ।ਇਹ ਸਰਕਾਰ ਗੁਰਦਿਆਲ ਸਿੰਘ ਵਰਗੇ ਸੁਹਿਰਦ ਮਨੁੱਖ ਹੀ ਬਣਾ ਸਕਦੇ ਹਨ।ਅਜੋਕੀਆਂ ਰਾਜ ਕਰਦੀਆਂ ਪਾਰਟੀਆਂ ਗ਼ਦਰੀ ਬਾਬਿਆਂ ਤੇ ਭਗਤ, ਸਰਾਭਿਆਂ ਦੇ ਗੁਣ ਤਾਂ ਗਾਉਦੀਆਂ ਹਨ, ਪਰ ਚਲਦੀਆਂ ਉਨ੍ਹਾਂ ਦੀ ਸੋਚ ਦੇ ਉਲਟ ਹਨ।ਗ਼ਦਰੀ ਦੇਸ਼ ਭਗਤਾਂ ਤੇ ਇਨਕਲਾਬੀਆਂ, ਜਿਨ੍ਹਾਂ ’ਚ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਮੁੱਖ ਸਨ, ਉਨ੍ਹਾਂ ਹੱਕ, ਸੱਚ, ਇਨਸਾਫ਼ ਤੇ ਦੇਸ਼ ’ਚੋਂ ਬੇਈਮਾਨੀ, ਕੁਰੱਪਸ਼ਨ ਤੇ ਲੁੱਟ-ਖਸੁੱਟ ਦਾ ਖਾਤਮਾ ਕਰਨ ਅਤੇ ਇਨਸਾਫਪਸੰਦ ਤੇ ਲੋਕਪੱਖੀ ਰਾਜ ਪ੍ਰਬੰਧ ਕਾਇਮ ਕਰਨ ਲਈ ਕੁਰਬਾਨੀ ਦਿੱਤੀ।ਆਜ਼ਾਦੀ ਦੇ ਸੰਗਰਾਮ ਸਮੇਂ ਕਾਂਗਰਸ ਦੇ ਵਿਚਾਰ ਤਾਂ ਇਹ ਸਨ ਕਿ ਅੰਗਰੇਜ਼ ਚਲੇ ਜਾਣ ਤੇ ਦੇਸ਼ ਦੀ ਹਕੂਮਤ ਇਥੋਂ ਦੇ ਲੁਟੇਰੇ ਵਪਾਰੀਆਂ ਦੇ ਹਵਾਲੇ ਕਰ ਜਾਣ।ਲੁਟੇਰੀ ਵਪਾਰੀ ਸਮਝ ਇੱਕ ਵਾਰ ਕਾਮਯਾਬ ਹੋ ਗਈ ਤੇ ਗ਼ਦਰੀਆਂ ਤੇ ਭਗਤ ਸਿੰਘ ਦੀ ਸੋਚ ਕਾਮਯਾਬ ਨਾ ਹੋਈ।ਇਸ ਲਈ ਗੁਰਦਿਆਲ ਸਿੰਘ ਉਹਨਾਂ ਦੀ ਸੋਚ ਦਾ ਭਾਰਤ ਬਣਾਉਣ ਵਾਲਾ ਉਮੀਦਵਾਰ ਹੈ। ਇਸ ਲਈ ਚੋਣ ਨਿਸ਼ਾਨ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਗੁਰਦਿਆਲ ਸਿੰਘ ਨੂੰ ਕਾਮਯਾਬ ਬਣਾਓ।
ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਗੁਰਦਿਆਲ ਸਿੰਘ ਨੇ ਸੰਬੋਧਨ ਦੌਰਾਨ ਕਿਹਾ ਕਿ ਮੈਂ ਪਹਿਲਾਂ ਵੀ ਮਜ਼ਦੂਰ, ਕਿਸਾਨ, ਛੋਟੇ ਦੁਕਾਨਦਾਰਾਂ ਤੇ ਕਾਰਖਾਨੇਦਾਰਾਂ ਦੀ ਲੜਾਈ ਲੜਦਾ ਹਾਂ ਤੇ ਪਾਰਲੀਮੈਂਟ ’ਚ ਜਾ ਕੇ ਤਿੱਖੇ ਰੂਪ ਵਿੱਚ ਸੰਘਰਸ਼ ਲੜਾਂਗਾ।ਇਸ ਲਈ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰੋ, ਇਹ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ।ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਧੂੰਦਾ, ਬਲਜੀਤ ਸਿੰਘ ਫਤਿਆਬਾਦ, ਭਗਵੰਤ ਸਿੰਘ, ਘੁੱਕ ਸਿੰਘ ਵੇਈਂਪੂਈਂ, ਜਸਵੰਤ ਸਿੰਘ , ਕੁਲਵੰਤ ਸਿੰਘ ਪੰਚਾਇਤ ਮੈਂਬਰ, ਜਗਤਾਰ ਸਿੰਘ ਖਡੂਰ ਸਾਹਿਬ, ਦਰਸ਼ਨ ਸਿੰਘ ਬਿਹਾਰੀਪੁਰ, ਜਗੀਰ ਸਿੰਘ ਭਰੋਵਾਲ ਤੇ ਜਸਵੰਤ ਸਿੰਘ ਫਤਿਆਬਦ ਨੇ ਵੀ ਵਿਚਾਰ ਰੱਖੇ।





