ਸਮਰਾਲਾ (ਸੁਰਜੀਤ ਸਿੰਘ)
ਸੰਯੁਕਤ ਕਿਸਾਨ ਮੋਰਚਾ ਤੇ ਪੰਜਾਬ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਦੀ ਹੰਗਾਮੀ ਮੀਟਿੰਗ ਬਾਬਾ ਜਲਵੰਤ ਸਿੰਘ ਹਾਲ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਹਰਿੰਦਰ ਸਿੰਘ ਲੱਖੋਵਾਲ, ਰਮਿੰਦਰ ਸਿੰਘ ਪਟਿਆਲਾ ਤੇ ਮੁਕੇਸ਼ ਸ਼ਰਮਾ ਨੇ ਕੀਤੀ ਅਤੇ ਟਰੇਡ ਯੂਨੀਅਨਾਂ ਵੱਲੋਂ ਨਿਰਮਲ ਸਿੰਘ ਧਾਲੀਵਾਲ, ਚੰਦਰ ਸ਼ੇਖਰ ਤੇ ਜਗਦੀਸ਼ ਮੀਟਿੰਗ ’ਚ ਸ਼ਾਮਲ ਹੋਏ। ਮੀਟਿੰਗ ਦੀ ਮਹੱਤਤਾ ਬਾਰੇ ਦੱਸਦਿਆਂ ਡਾਕਟਰ ਦਰਸ਼ਨ ਪਾਲ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਮੀਟਿੰਗ ਦੌਰਾਨ ਬੋਲਣ ਵਾਲੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਪੈਨਸ਼ਨਰਜ਼ ਯੂਨੀਅਨਾਂ ਨੂੰ ਲਾਮਬੰਦ ਕਰਕੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇਗਾ।ਪੰਜਾਬ ਅਤੇ ਦੇਸ਼ ਅੰਦਰ ਵੱਡੀਆਂ ਰੈਲੀਆਂ ਕਰਕੇ ਜਨਤਕ ਵਿਰੋਧ ਉਭਾਰ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਸਰਕਾਰ ਨੂੰ ਹਰਾਉਣ ਲਈ ਪਿੰਡ-ਪਿੰਡ, ਘਰ-ਘਰ ਤੱਕ ਲਾਮਬੰਦੀ ਕੀਤੀ ਜਾਵੇਗੀ।ਮੀਟਿੰਗ ਦੌਰਾਨ ਲਏ ਗਏ ਫੈਸਲੇ ਅਨੁਸਾਰ 21 ਮਈ ਨੂੰ ਜਗਰਾਉ ਸ਼ਹਿਰ ਅੰਦਰ ਕੀਤੀ ਜਾ ਰਹੀ ਮਹਾਂ-ਪੰਚਾਇਤ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਅਤੇ ਸਾਰੀਆਂ ਟਰੇਡ ਯੂਨੀਅਨਾਂ ਸਾਂਝੇ ਤੌਰ ’ਤੇ ਸਰਬਸੰਮਤੀ ਨਾਲ ਫੈਸਲਾ ਕਰਨਗੀਆਂ। ਬੁਲਾਰਿਆਂ ਨੇ ਕਿਹਾ ਕਿ 12-13 ਮਈ ਨੂੰ ਪੂਰੇ ਪੰਜਾਬ ਵਿੱਚ ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਸੰਯੁਕਤ ਕਿਸਾਨ ਮੋਰਚਾ ਅਤੇ ਸਾਰੀਆਂ ਟਰੇਡ ਯੂਨੀਅਨਾਂ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਨੂੰ ਹਰਾਉਣ ਲਈ ਅਹਿਦ ਕੀਤਾ ਜਾਵੇਗਾ।
ਇਸ ਮੌਕੇ ਗੁਰਪ੍ਰੀਤ ਸਿੰਘ ਰੂੜੇਕੇ, ਸਤਨਾਮ ਸਿੰਘ ਅਜਨਾਲਾ, ਮੇਜਰ ਸਿੰਘ ਪੁੰਨਾਵਾਲ, ਸੁਰਿੰਦਰ ਸਿੰਘ ਮਜ਼ਦੂਰ ਯੂਨੀਅਨ, ਨਰਿੰਦਰ ਕੌਰ ਸੋਹਲ ਪੰਜਾਬ ਇਸਤਰੀ ਸਭਾ, ਚਮਕੌਰ ਸਿੰਘ ਬਰਮੀ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ, ਮਨਿੰਦਰ ਭਾਟੀਆ ਜਨਰਲ ਸਕੱਤਰ ਏਟਕ ਜ਼ਿਲ੍ਹਾ ਲੁਧਿਆਣਾ, ਨਰਿੰਦਰ ਸੈਣੀ ਏਟਕ ਸਕੱਤਰ ਰੋਪੜ, ਬਲਬੀਰ ਸਿੰਘ ਮਾਨ ਸਕੱਤਰ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ ਯੂਨੀਅਨ ਪੰਜਾਬ, ਰਛਪਾਲ ਸਿੰਘ ਪਾਲੀ ਡਿਪਟੀ ਜਨਰਲ ਸਕੱਤਰ ਏਟਕ ਪਾਵਰਕਾਮ ਪੰਜਾਬ, ਅਮਰਨਾਥ ਕੂੰਮ ਕਲਾਂ, ਵਿਜੇ ਕੁਮਾਰ ਪ੍ਰਧਾਨ ਏਟਕ ਜਿਲ੍ਹਾ ਲੁਧਿਆਣਾ, ਗੁਲਜ਼ਾਰ ਸਿੰਘ ਗੋਰੀਆ ਭਾਰਤੀ ਖੇਤ ਮਜ਼ਦੂਰ ਸਭਾ, ਕਸ਼ਮੀਰ ਸਿੰਘ, ਰਵਿੰਦਰ ਸਿੰਘ ਚੀਮਾ, ਸੁੱਖ ਗਿੱਲ ਮੋਗਾ, ਬਖਸ਼ੀਸ਼ ਸਿੰਘ ਰਾਮਗੜ੍ਹ, ਪਰਮਜੀਤ ਰੇਲਵੇ, ਮੰਗਲਜੀਤ ਪੰਡੋਰੀ ਆਦਿ ਨੇ ਹੋਕਾ ਦਿੰਦਿਆਂ ਸੱਦਾ ਦਿੱਤਾ ਕਿ ਭਾਰਤ ਅੰਦਰ ਫਿਰਕਾਪ੍ਰਸਤੀ ਫੈਲਾ ਕੇ ਦੇਸ਼ ਦੀਆਂ ਵੰਡੀਆਂ ਪਾ ਕੇ ਭਾਰਤੀ ਸੰਵਿਧਾਨ ਨੂੰ ਆਪਣੀ ਮਰਜ਼ੀ ਨਾਲ ਲਿਖਣ ਦੇ ਸੁਪਨੇ ਲੈਣ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਚੱਲਦਾ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਕੇ ਵੱਡੇ ਪੱਧਰ ’ਤੇ ਲਾਮਬੰਦ ਕੀਤਾ ਜਾਵੇਗਾ।ਸਟੇਜ ਸਕੱਤਰ ਦੀ ਭੂਮਿਕਾ ਬਲਦੇਵ ਸਿੰਘ ਨਿਹਾਲਗੜ੍ਹ ਨੇ ਬਾਖੂਬੀ ਨਿਭਾਈ।





