ਸ਼ਾਹਕੋਟ (ਗਿਆਨ ਸੈਦਪੁਰੀ)
”ਸਭ ਲਈ ਰੁਜ਼ਗਾਰ, ਮਜ਼ਦੂਰੀ ਵਿੱਚ ਵਾਧਾ, ਘਰ, ਜ਼ਮੀਨ, ਭੋਜਨ, ਸਿੱਖਿਆ, ਸਿਹਤ ਅਤੇ ਸਮਾਨਤਾ ਨੂੰ ਯਕੀਨੀ ਬਣਾਉਣ ਲਈ ‘ਕੁਲ ਹਿੰਦ ਵਿਰੋਧ ਦਿਵਸ’ ਨੂੰ ਸਫਲ ਬਣਾਉਣਾ ਹਰ ਉਸ ਬਸ਼ਰ ਦਾ ਨੈਤਿਕ ਫਰਜ਼ ਹੈ, ਜਿਹੜਾ ਉਕਤ ਮਾਮਲਿਆਂ ਵਿੱਚ ਦੁਸ਼ਵਾਰੀਆਂ ਦਾ ਸ਼ਿਕਾਰ ਹੈ |” ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ | ਉਹ ਪੰਜਾਬ ਖੇਤ ਮਜ਼ਦੂਰ ਸਭਾ ਦੀ ਕਾਰਜਕਾਰਨੀ ਦੀ ਮਲੇਰਕੋਟਲਾ ਵਿੱਚ ਹੋਈ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ, ਜਿਹੜੀ ਪਹਿਲੀ ਅਗਸਤ ਨੂੰ ਮਨਾਏ ਜਾ ਰਹੇ ਕੁਲ ਹਿੰਦ ਰੋਸ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜੁੜ ਬੈਠੀ ਸੀ | ਉਨ੍ਹਾ ਦੱਸਿਆ ਕਿ ਕੌਮੀ ਪੱਧਰ ਦੇ ਸਾਂਝੇ ਮੰਚ ਵੱਲੋਂ ਇਹ ਰੋਸ ਦਿਵਸ ਮਨਾਇਆ ਜਾ ਰਿਹਾ ਹੈ | ਇਸ ਸਾਂਝੇ ਪਲੇਟਫਾਰਮ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨਾਲ ਸੰਬੰਧਤ ਭਾਰਤੀ ਖੇਤ ਮਜ਼ਦੂਰ ਯੂਨੀਅਨ ਤੋਂ ਇਲਾਵਾ ਆਲ ਇੰਡੀਆ ਐਗਰੀਕਲਚਰਲ ਵਰਕਰਜ਼ ਯੂਨੀਅਨ, ਆਲ ਇੰਡੀਆ ਐਗਰੀਕਲਚਰਲ ਐਂਡ ਰੂਰਲ ਲੇਬਰ ਐਸੋਸੀਏਸ਼ਨ, ਆਲ ਇੰਡੀਆ ਸਮਯੁਕਤ ਕਿਸਾਨ ਸਭਾ ਅਤੇ ਆਲ ਇੰਡੀਆ ਅਗਰਗਾਮੀ ਕਿ੍ਸ਼ੀ ਸ੍ਰਰਮਿਕ ਯੂਨੀਅਨ ਸ਼ਾਮਲ ਹਨ | ਉਨ੍ਹਾ ਦੱਸਿਆ ਕਿ ਪਹਿਲੀ ਅਗਸਤ ਨੂੰ ਰੋਸ ਦਿਵਸ ਦੇ ਦੌਰਾਨ ਦੇਣ ਵਾਲੇ ਮੰਗ ਪੱਤਰ ਵਿੱਚ ਜ਼ਿੰਦਗੀ ਜਿਊਣ ਦੀਆਂ ਹਾਲਤਾਂ ਨੂੰ ਬਿਹਤਰ ਬਣਾਉਣ ਲਈ 25 ਮੰਗਾਂ ਦਾ ਮੰਗ ਪੱਤਰ ਤਿਆਰ ਕੀਤਾ ਗਿਆ ਹੈ | ਇਹ ਮੰਗ ਪੱਤਰ ਤਹਿਸੀਲ ਜਾਂ ਜ਼ਿਲ੍ਹਾ ਸਦਰ ਮੁਕਾਮ ‘ਤੇ ਤਹਿਸੀਲਦਾਰਾਂ ਜਾਂ ਡਿਪਟੀ ਕਮਿਸ਼ਨਰਾਂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ ਦਿੱਤੇ ਜਾਣਗੇ |
ਗੋਰੀਆ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਵਿੱਚ ਮਨਰੇਗਾ ਅਧੀਨ 200 ਦਿਨਾਂ ਦਾ ਕੰਮ ਅਤੇ 600 ਰੁਪਏ ਦਿਹਾੜੀ ਯਕੀਨੀ ਬਣਾਉਣ, 55 ਸਾਲ ਦੇ ਹਰ ਖੇਤੀ ਅਤੇ ਹੋਰ ਪੇਂਡੂ ਮਜ਼ਦੂਰਾਂ ਨੂੰ ਪੰਜ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣ, ਬੇਘਰਾਂ ਨੂੰ ਘਰ, ਜਿਸ ਵਿੱਚ ਟਾਇਲਟ, ਰਸੋਈ ਅਤੇ ਕਿਚਨ ਗਾਰਡਨ ਤੇ ਪਸ਼ੂਆਂ ਲਈ ਸ਼ੈੱਡ ਹੋਵੇ, ਬਣਾਉਣਾ ਯਕੀਨੀ ਹੋਵੇ, ਭੋਜਨ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ, ਦਲਿਤਾਂ ‘ਤੇ ਹੋ ਰਹੇ ਅੱਤਿਆਚਾਰ ਬੰਦ ਕਰਨ, ਬਾਲ ਮਜ਼ਦੂਰੀ ਨੂੰ ਖਤਮ ਕਰਨ, ਨਵੇਂ ਲੇਬਰ ਕੋਡਜ਼ ਅਤੇ ਬਿਜਲੀ ਸੋਧ ਐਕਟ ਨੂੰ ਰੱਦ ਕਰਨ ਅਤੇ ਨਿੱਜੀਕਰਨ ਬੰਦ ਕਰਨ ਵਰਗੀਆਂ ਹੋਰ ਅਨੇਕਾਂ ਮੰਗਾਂ ਸ਼ਾਮਲ ਹਨ | ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਅਤੇ ਮੀਤ ਪ੍ਰਧਾਨ ਕਿ੍ਸ਼ਨ ਚੌਹਾਨ ਨੇ ਦੱਸਿਆ ਕਿ ਪਹਿਲੀ ਅਗਸਤ ਦੇ ਰੋਸ ਦਿਵਸ ਨੂੰ ਸਫਲ ਬਣਾਉਣ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ |
ਰੋਸ ਦਿਵਸ ਦਾ ਸੁਨੇਹਾ ਦਿੰਦੇ ਇਸ਼ਤਿਹਾਰ ਲਾਉਣ ਦੀ ਮੁਹਿੰਮ ਵਿੱਢੀ ਗਈ ਹੈ | ਇਨ੍ਹਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਰੋਸ ਦਿਵਸ ਵਿੱਚ ਸ਼ਾਮਲ ਪੰਜ ਜਥੇਬੰਦੀਆਂ ਨੂੰ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਵੀ ਹਮਾਇਤ ਹਾਸਲ ਹੈ | ਕਾਰਜਕਾਰਨੀ ਦੀ ਮੀਟਿੰਗ ਵਿੱਚ ਪ੍ਰੀਤਮ ਸਿੰਘ, ਨਾਨਕ ਚੰਦ ਲੰਬੀ, ਅਮਰਜੀਤ ਕੌਰ ਗੋਰੀਆ, ਸੁਰਿੰਦਰ ਭੈਣੀ, ਪਿਆਰਾ ਲਾਲ ਅਤੇ ਸਿਮਰਨਜੀਤ ਕੌਰ ਆਦਿ ਸ਼ਾਮਲ ਸਨ |