11.3 C
Jalandhar
Sunday, December 22, 2024
spot_img

ਗੁਰੂ ਨਾਨਕ ਦੇਵ ਦੀ ਤਸਵੀਰ ਨਾਲ ਛੇੜਛਾੜ ਕਰਨ ਦੀ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਸਖਤ ਨਿੰਦਾ

ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ)
ਕੈਨੇਡਾ ਰਹਿ ਰਹੇ ਸੁਰਜੀਤ ਗੱਗ ਨਾਮਕ ਵਿਅਕਤੀ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਟੋਪ ਵਾਲੀ ਤਸਵੀਰ ਸੋਸ਼ਲ ਮੀਡੀਆ ਉਤੇ ਪਾਉਣ ਦੀ ਸਖਤ ਨਿੰਦਾ ਕਰਦੇ ਹੋਏ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਪੰਜਾਬ ਨੇ ਕਿਹਾ ਹੈ ਕਿ ਇਹ ਇਕ ਗਿਣੀ-ਮਿੱਥੀ ਭੜਕਾਊ ਹਰਕਤ ਹੈ ਅਤੇ ਅਜਿਹੀਆਂ ਹਰਕਤਾਂ ਕਰਕੇ ਇਹ ਬੰਦਾ ਬੇਲੋੜਾ ਵਿਵਾਦ ਛੇੜ ਕੇ ਸੰਘ-ਬੀ ਜੇ ਪੀ ਦੇ ਖਤਰਨਾਕ ਫਾਸ਼ੀ ਮਨਸੂਬਿਆਂ ਦੀ ਹੀ ਸੇਵਾ ਕਰ ਰਿਹਾ ਹੈ |
ਮੋਰਚੇ ਦੇ ਆਗੂਆਂ ਬੰਤ ਬਰਾੜ, ਪ੍ਰਗਟ ਸਿੰਘ ਜਾਮਾਰਾਏ, ਅਜਮੇਰ ਸਿੰਘ, ਸੁਖਦਰਸ਼ਨ ਨੱਤ, ਨਰੈਣ ਦੱਤ ਅਤੇ ਕਿਰਨਜੀਤ ਸਿੰਘ ਸੇਖੋਂ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਤ-ਪਾਤ, ਊਚ-ਨੀਚ ਅਤੇ ਬ੍ਰਾਹਮਣੀ ਕਰਮਕਾਂਡਾਂ ਦੀ ਦਲਦਲ ਵਿਚ ਫਸੇ ਸਾਡੇ ਸਮਾਜ ਨੂੰ ਮੁਕਤੀ ਦੇ ਨਵੇਂ ਮਾਰਗ ਉਤੇ ਪਾਉਣ ਵਾਲੇ ਮਾਨਵਤਾ ਦੇ ਮਹਾਨ ਰਹਿਬਰ ਗੁਰੂ ਨਾਨਕ ਜੀ ਦਾ ਦੁਨੀਆ ਭਰ ਦੀ ਜਾਗਿ੍ਤ ਲੋਕਾਈ ਵੱਡਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਦੀ ਕਲਪਿਤ ਤਸਵੀਰ ਨਾਲ ਵੀ ਅਜਿਹੀ ਹੋਛੀ ਛੇੜਛਾੜ ਸਾਡੇ ਸਭਨਾਂ ਲਈ ਬੇਹੱਦ ਦੁਖਦਾਈ ਹੈ | ਇਸ ਲਈ ਗੱਗ ਨੂੰ ਇਹ ਤਸਵੀਰ ਫੌਰੀ ਡੀਲੀਟ ਕਰਕੇ ਸਮੁੱਚੇ ਭਾਈਚਾਰੇ ਤੋਂ ਤੁਰੰਤ ਮਾਫੀ ਮੰਗ ਲੈਣੀ ਚਾਹੀਦੀ ਹੈ |
ਬਿਆਨ ਵਿਚ ਕਿਹਾ ਗਿਆ ਹੈ ‘ਫਾਸ਼ੀ ਹਮਲਿਆਂ ਵਿਰੋਧੀ ਮੋਰਚਾ’ ਪੰਜਾਬ ਦੀ ਕੋਸ਼ਿਸ਼ ਹੈ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਸੰਵਿਧਾਨ, ਫੈਡਰਲ ਢਾਂਚੇ, ਧਾਰਮਿਕ ਤੇ ਕੌਮੀ ਘੱਟਗਿਣਤੀਆਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਆਦਿਵਾਸੀਆਂ ਅਤੇ ਪ੍ਰਗਤੀਸ਼ੀਲ ਜਮਹੂਰੀ ਸ਼ਕਤੀਆਂ ਉਤੇ ਲਗਾਤਾਰ ਵਧਦੇ ਫਿਰਕੂ ਤੇ ਕਾਰਪੋਰੇਟੀ ਲੁੱਟ ਦੇ ਹਮਲਿਆਂ ਦੇ ਟਾਕਰੇ ਲਈ ਦੇਸ਼ ਤੇ ਸੂਬੇ ਵਿਚ ਤਮਾਮ ਪੀੜਤ ਤਬਕਿਆਂ ਤੇ ਵਰਗਾਂ ਦਾ ਇਕ ਵਿਸਾਲ ਸਾਂਝਾ ਮੁਹਾਜ਼ ਉਸਾਰਿਆ ਜਾਵੇ, ਪਰ ਇਨ੍ਹਾਂ ਯਤਨਾਂ ਨੂੰ ਨਾਕਾਮ ਕਰਨ ਲਈ ਸਿਮਰਨਜੀਤ ਸਿੰਘ ਮਾਨ ਅਤੇ ਗੱਗ ਵਰਗੇ ਵਿਅਕਤੀ ਗਿਣੇ-ਮਿੱਥੇ ਢੰਗ ਨਾਲ ਅਜਿਹੀਆਂ ਹਰਕਤਾਂ ਜਾਂ ਬਿਆਨਬਾਜ਼ੀ ਕਰਦੇ ਹਨ, ਜਿਨ੍ਹਾਂ ਨਾਲ ਮੋਦੀ ਸਰਕਾਰ ਤੇ ਬੀ ਜੇ ਪੀ ਖਿਲਾਫ ਇਕਜੁਟ ਹੋਣ ਦੀ ਬਜਾਏ ਜਨਤਾ ਬੇਲੋੜੇ ਆਪਸੀ ਵਿਵਾਦਾਂ ਵਿਚ ਉਲਝੀ ਰਹੇ | ਇਸ ਲਈ ਐਸੇ ਲੋਕਾਂ ਨੂੰ ਪਛਾਨਣਾ ਅਤੇ ਜਨਤਾ ਸਾਹਮਣੇ ਨੰਗਾ ਕਰਨਾ ਬਹੁਤ ਜ਼ਰੂਰੀ ਹੈ |
ਫਰੰਟ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਸੁਚੇਤ ਰਹਿਣ ਅਤੇ ਆਪਣੀ ਏਕਤਾ ਨੂੰ ਕਾਇਮ ਰੱਖਦਿਆਂ ਕਾਰਪੋਰੇਟੀ ਲੁੱਟ ਅਤੇ ਮੋਦੀ ਸਰਕਾਰ ਦੇ ਫ਼ਿਰਕੂ ਫਾਸ਼ੀਵਾਦੀ ਏਜੰਡੇ ਖ਼ਿਲਾਫ਼ ਆਪਣਾ ਧਿਆਨ ਕੇਂਦਰਿਤ ਕਰਦਿਆਂ ਤਿੱਖੇ ਘੋਲ ਅਰੰਭਣ |
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸਾਂਝੇ ਬਿਆਨ ‘ਚ ਕਿਹਾ ਹੈ ਕਿ ਸੁਰਜੀਤ ਗੱਗ ਵੱਲੋਂ ਬਾਬਾ ਨਾਨਕ ਦੀ ਤਸਵੀਰ ਨੂੰ ਮਨਮਾਨੇ ਢੰਗ ਨਾਲ, ਬਿਨਾਂ ਕਿਸੇ ਠੋਸ ਇਤਿਹਾਸਕ ਪ੍ਰਮਾਣ ਦੇਣ ਦੇ ਪਾ ਕੇ ਬੇਲੋੜੇ ਵਾਦ-ਵਿਵਾਦ, ਭੜਕਾਹਟ ਨੂੰ ਜਨਮ ਅਤੇ ਬੜਾਵਾ ਦੇਣ ਦਾ ਮਾਹੌਲ ਸਿਰਜਣ ਦਾ ਕੰਮ ਕਰਨਾ ਹਰ ਸੁਹਿਰਦ ਲੇਖਕ, ਕਵੀ, ਸਾਹਿਤਕਾਰ, ਚਿੱਤਰਕਾਰ ਤੇ ਆਲੋਚਕ ਦੀ ਨਜ਼ਰ ਵਿਚ ਨਿੰਦਣਯੋਗ ਹੈ |
ਮੰਚ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਲੋਕ ਸਰੋਕਾਰਾਂ ਦੀ ਬਾਂਹ ਫੜਨ ਵਾਲੇ ਬੁੱਧੀਜੀਵੀਆਂ, ਕਵੀਆਂ, ਲੇਖਕਾਂ, ਪੱਤਰਕਾਰਾਂ ਉਪਰ ਮੋਦੀ ਹਕੂਮਤ ਦੇ ਵਹਿਸ਼ੀ ਪੰਜੇ ਝਪਟ ਰਹੇ ਹਨ, ਜਦੋਂ ਵਿਵਸਥਾ ਦੀ ਚਾਕਰੀ ਕਰਦੇ ਆਪੇ ਬਣੇ ਮਹਾਂ ਵਿਦਵਾਨ ਸੁਹਿਰਦ ਸੰਪਾਦਕਾਂ, ਪੱਤਰਕਾਰਾਂ, ਲੋਕ-ਪੱਖੀ ਕਾਮਿਆਂ ਉਪਰ ਤਿੱਖੇ ਹਮਲੇ ਕਰ ਰਹੇ ਹਨ , ਇਹਨਾਂ ਨੂੰ ਸਿੱਧੇ ਮੱਥੇ ਟੱਕਰਨ ਦੀ ਬਜਾਏ ਗੱਗ ਫੋਕੀ ਸ਼ੋਹਰਤ ਦੀ ਭੁੱਖ ਪੂਰੀ ਕਰਨ ਦੀ ਦੌੜ ਵਿਚ ਹਾਬੜਿਆ ਆਪਣੇ ਦੱਬੇ-ਕੁਚਲੇ ਲੋਕਾਂ ਦੀ ਬਾਤ ਪਾਉਣ ਤੋਂ ਕਿਨਾਰਾਕਸ਼ੀ ਕਰਕੇ ਅਜਿਹਾ ਕੰਮ ਕਰ ਰਿਹਾ ਹੈ, ਜਿਸ ਨਾਲ ਫਿਰਕੂ ਟੋਲਿਆਂ ਦੇ ਹੀ ਢਿੱਡ ‘ਚ ਲੱਡੂ ਫੁਟਦੇ ਹਨ | ਉਹਨਾਂ ਕਿਹਾ ਕਿ ਲੋੜ ਵੱਖ-ਵੱਖ ਧਰਮਾਂ, ਫਿਰਕਿਆਂ ਵਿਚ ਵੰਡੇ ਲੋਕਾਂ ਦੀ ਵਿਸ਼ਾਲ ਜਨਤਕ ਲਹਿਰ ਉਸਾਰਨ ਦੀ ਹੈ |

Related Articles

LEAVE A REPLY

Please enter your comment!
Please enter your name here

Latest Articles