ਨਵੀਂ ਦਿੱਲੀ : ਏਅਰ ਇੰਡੀਆ ਅਤੇ ਏਅਰ ਇੰਡੀਆ ਐੱਕਸਪ੍ਰੈੱਸ ਨੂੰ ਅਚਾਨਕ ਆਪਣੀਆਂ 78 ਉਡਾਨਾਂ ਰੱਦ ਕਰਨੀਆਂ ਪਈਆਂ, ਇਸ ਦਾ ਵੱਡਾ ਕਾਰਨ ਕਰਮਚਾਰੀਆਂ ਦੀ ਕਮੀ ਦੱਸਿਆ ਜਾ ਰਿਹਾ ਹੈ। ਅਸਲ ’ਚ ਏਅਰਲਾਈਨਜ਼ ਦੇ ਕਰੂ ਮੈਂਬਰ ਸਮੂਹਿਕ ਰੂਪ ਕਾਰਨ ਬਿਮਾਰੀ ਦੀ ਛੁੱਟੀ ’ਤੇ ਚਲੇ ਗਏ, ਜਿਸ ਕਾਰਨ ਕੰਪਨੀ ਨੂੰ ਇਹ ਕਦਮ ਚੁੱਕਣਾ ਪਿਆ। ਖਾਸ ਗੱਲ ਇਹ ਹੈ ਕਿ ਇਨ੍ਹਾਂ ਕਰਮਚਾਰੀਆਂ ਨੇ ਛੁੱਟੀ ਲਈ ਕੋਈ ਨੋਟਿਸ ਵੀ ਨਹੀਂ ਦਿੱਤਾ। ਏਅਰ ਇੰਡੀਆ ਐੱਕਸਪ੍ਰੱੈਸ ਨੇ ਦੱਸਿਆ ਕਿ ਸੀਨੀਅਰ ਕਰੂ ਮੈਂਬਰਾਂ ਦੇ ਅਚਾਨਕ ਬਿਨਾਂ ਨੋਟਿਸ ਛੁੱਟੀ ’ਤੇ ਜਾਣ ਕਾਰਨ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਨਾਂ ’ਤੇ ਅਸਰ ਪਿਆ ਹੈ। ਮੰਗਲਵਾਰ ਰਾਤ ਤੋਂ ਇਸ ਵਿਰੋਧ ਨੇ ਵੱਡਾ ਰੂਪ ਧਾਰ ਲਿਆ ਹੈ, ਜਿਸ ਨਾਲ ਏਅਰਲਾਈਨਜ਼ ਨੂੰ 78 ਤੋਂ ਵੱਧ ਉਡਾਨਾਂ ਰੱਦ ਕਰਨੀਆ ਪਈਆਂ। ਇਨ੍ਹਾਂ ’ਚੋਂ ਸਭ ਤੋਂ ਵੱਧ ਉਡਾਨਾਂ ਮਿਡਲ ਈਸਟ ਅਤੇ ਗਲਫ਼ ਦੇਸ਼ਾਂ ਲਈ ਹਨ। ਕਈ ਉਡਾਨਾਂ ’ਚ ਦੇਰੀ ਹੋਈ ਹੈ। ਖ਼ਬਰ ਹੈ ਕਿ ਏਅਰ ਇੰਡੀਆ ਅਤੇ ਏਅਰ ਇੰਡੀਆ ਐੱਕਸਪ੍ਰੈੱਸ ’ਚ ਰਲੇਵਾਂ ਹੋਣ ਵਾਲਾ ਹੈ, ਜਿਸ ਦਾ ਕਰਮਚਾਰੀ ਲਗਾਤਾਰ ਵਿਰੋਧ ਕਰ ਰਹੇ ਹਨ। ਦੋਵੇਂ ਏਅਰਲਾਈਨਜ਼ ਦੇ ਪਾਇਲਟ ਅਤੇ ਕੈਬਿਨ ਕਰੂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਨੌਕਰੀ ਖ਼ਤਰੇ ’ਚ ਹੈ।
ਏਅਰ ਇੰਡੀਆ ਐੱਕਸਪ੍ਰੈੱਸ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ, ‘ਸਾਡੇ ਸੀਨੀਅਰ ਕੈਬਿਨ ਕਰੂ ਦੇ ਇੱਕ ਵਰਗ ਨੇ ਮੰਗਲਵਾਰ ਰਾਤ ਆਖਰੀ ਮਿੰਟ ਬਿਮਾਰ ਹੋਣ ਦੀ ਸੂਚਨਾ ਦਿੱਤੀ ਹੈ, ਜਿਸ ਕਾਰਨ ਉਡਾਨਾਂ ’ਚ ਦੇਰੀ ਹੋਈ ਅਤੇ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਅਸੀਂ ਇਨ੍ਹਾਂ ਘਟਨਾਵਾਂ ਦੇ ਪਿਛਲੇ ਕਾਰਨਾਂ ਨੂੰ ਸਮਝਣ ਲਈ ਕਰੂ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਹਾਂ।