ਨਵੀਂ ਦਿੱਲੀ : ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਕਿਹਾ ਹੈ ਕਿ ਭਾਰਤ ’ਚ 56.4 ਫੀਸਦੀ ਬਿਮਾਰੀਆਂ ਦਾ ਕਾਰਨ ਗੈਰ-ਸਿਹਤਮੰਦ ਖੁਰਾਕ ਹੈ। ਉਸ ਨੇ ਜ਼ਰੂਰੀ ਪੌਸ਼ਟਿਕ ਤੱਤਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਮੋਟਾਪੇ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ 17 ਕਿਸਮਾਂ ਦੇ ਖੁਰਾਕ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਣ ਨਾਲ ਦਿਲ ਸੰਬੰਧੀ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ਅਤੇ ਸ਼ੂਗਰ ਤੋਂ ਵੀ ਬਚਿਆ ਜਾ ਸਕਦਾ ਹੈ। ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾ ਕੇ ਸਮੇਂ ਤੋਂ ਪਹਿਲਾਂ ਮੌਤ ਨੂੰ ਰੋਕਿਆ ਜਾ ਸਕਦਾ ਹੈ। ਸੰਗਠਨ ਨੇ ਘੱਟ ਮਾਤਰਾ ’ਚ ਤੇਲ ਅਤੇ ਚਰਬੀ ਦੀ ਵਰਤੋਂ ਕਰਨ, ਸਹੀ ਕਸਰਤ ਕਰਨ, ਖੰਡ ਅਤੇ ਜ਼ੰਕ ਫੂਡ ਘੱਟ ਖਾਣ ਦੀ ਸਿਫਾਰਸ਼ ਕੀਤੀ ਹੈ। ਮੋਟਾਪੇ ਤੋਂ ਬਚਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਣ ਦੀ ਸਲਾਹ ਦਿੱਤੀ ਹੈ। ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਸੰਤੁਲਤ ਖੁਰਾਕ ’ਚ ਅਨਾਜ ਅਤੇ ਬਾਜਰੇ ਤੋਂ 45 ਫੀਸਦੀ ਤੋਂ ਵੱਧ ਕੈਲੋਰੀ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਇਸ ’ਚ ਦਾਲਾਂ, ਬੀਜ ਅਤੇ ਮੀਟ ਤੋਂ 15 ਫੀਸਦੀ ਤੱਕ ਕੈਲੋਰੀ ਹੋਣੀ ਚਾਹੀਦੀ ਹੈ। ਬਾਕੀ ਬਚੀ ਕੈਲੋਰੀ ਪ੍ਰਾਪਤ ਕਰਨ ਲਈ ਸੁੱਕੇ ਮੇਵੇ, ਸਬਜ਼ੀਆਂ, ਫਲ ਅਤੇ ਦੁੱਧ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।




