ਮਾਸਕੋ : ਰੂਸ ਨੇ ਅਮਰੀਕਾ ’ਤੇ ਭਾਰਤ ਦੇ ਘਰੇਲੂ ਮਾਮਲਿਆਂ ਅਤੇ ਚੱਲ ਰਹੀਆਂ ਚੋਣਾਂ ’ਚ ਦਖਲ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਅਮਰੀਕਾ ਨੇ ਆਪਣੇ ਦੇਸ਼ ’ਚ ਖਾਲਿਸਤਾਨੀ ਅੱਤਵਾਦੀ ਨੂੰ ਮਾਰਨ ਦੀ ਸਾਜ਼ਿਸ਼ ’ਚ ਭਾਰਤੀ ਨਾਗਰਿਕਾਂ ਦੇ ਸ਼ਾਮਲ ਹੋਣ ਦਾ ਹਾਲੇ ਤੱਕ ਕੋਈ ਠੋਸ ਸਬੂਤ ਨਹੀਂ ਦਿੱਤਾ ਹੈ। ਅਮਰੀਕੀ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ’ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਗੁਰਪਤਵੰਤ ਸਿੰਘ ਪਨੂੰ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ’ਚ ਇੱਕ ਭਾਰਤੀ ਸਰਕਾਰੀ ਕਰਮਚਾਰੀ ਨਾਲ ਸਹਿਯੋਗ ਕਰਨ ਦਾ ਦੋਸ਼ ਲਗਾਇਆ ਸੀ।
‘ਵਾਸ਼ਿੰਗਟਨ ਪੋਸਟ’ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਭਾਰਤ ਹੁਣ ਰੂਸ ਅਤੇ ਸਾਊਦੀ ਅਰਬ ਵਰਗੀਆਂ ਨੀਤੀਆਂ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ-ਸਾਡੇ ਕੋਲ ਜੋ ਜਾਣਕਾਰੀ ਹੈ, ਅਮਰੀਕਾ ਨੇ ਪਨੂੰ ਦੀ ਹੱਤਿਆ ਦੀ ਸਾਜ਼ਿਸ਼ ’ਚ ਭਾਰਤੀ ਨਾਗਰਿਕਾਂ ਦੇ ਸ਼ਾਮਲ ਹੋਣ ਦਾ ਕੋਈ ਭਰੋਸੇਯੋਗ ਸਬੂਤ ਨਹੀਂ ਦਿੱਤਾ ਹੈ। ਸਬੂਤਾਂ ਦੀ ਅਣਹੋਂਦ ’ਚ ਇਸ ਵਿਸ਼ੇ ’ਤੇ ਕਿਆਸ ਲਗਾਉਣਾ ਅਸਵੀਕਾਰਨਯੋਗ ਹੈ। ਅਮਰੀਕਾ ਭਾਰਤ ਦੀ ਕੌਮੀ ਸੋਚ ਅਤੇ ਇਤਿਹਾਸ ਨੂੰ ਨਹੀਂ ਸਮਝਦਾ ਅਤੇ ਭਾਰਤ ’ਚ ਧਾਰਮਿਕ ਆਜ਼ਾਦੀ ਬਾਰੇ ‘ਬੇਬੁਨਿਆਦ ਦੋਸ਼’ ਲਾਉਂਦਾ ਰਹਿੰਦਾ ਹੈ। ਉਹ ਆਮ ਸੰਸਦੀ ਚੋਣਾਂ ਨੂੰ ਗੁੰਝਲਦਾਰ ਬਣਾਉਣ ਲਈ ਭਾਰਤ ਦੀ ਅੰਦਰੂਨੀ ਸਿਆਸੀ ਸਥਿਤੀ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਣ ਦਾ ਤਰੀਕਾ ਹੈ।




