ਜੈਸਲਮੇਰ : ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿਚ ਜੋਧਪੁਰ ਰੋਡ ’ਤੇ ਸਥਿਤ ਫੌਜੀ ਛਾਉਣੀ ਵਿਚ ਤਰਨ ਤਾਰਨ ਜ਼ਿਲ੍ਹੇ ਦੇ ਲਾਂਸ ਹੌਲਦਾਰ ਜਗਰੂਪ ਸਿੰਘ (28) ਦੀ ਪਾਣੀ ਦੀ ਮੋਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹੋਰ ਜਵਾਨ ਜਗਰੂਪ ਸਿੰਘ ਨੂੰ ਆਰਮੀ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ।
ਜ਼ਹਿਰੀਲੀ ਗੈਸ ਨਾਲ 4 ਮੌਤਾਂ
ਚੰਦੌਲੀ (ਯੂਪੀ) : ਚੰਦੌਲੀ ਜ਼ਿਲ੍ਹੇ ਦੇ ਮੁਗਲਸਰਾਏ ਇਲਾਕੇ ਦੇ ਕਾਲੀਮਹਾਲ ’ਚ ਸੈਪਟਿਕ ਟੈਂਕ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਬੁੱਧਵਾਰ ਰਾਤ ਭਰਤਲਾਲ ਜੈਸਵਾਲ ਆਪਣੇ ਘਰ ਦੇ ਸੈਪਟਿਕ ਟੈਂਕ ਦੀ ਸਫਾਈ ਕਰਵਾ ਰਿਹਾ ਸੀ। ਇਸ ਦੌਰਾਨ ਉਸ ਦਾ ਮੁੰਡਾ ਅੰਕੁਰ ਅਤੇ ਤਿੰਨ ਸਵੀਪਰ ਟੈਂਕ ’ਚੋਂ ਨਿਕਲ ਰਹੀ ਜ਼ਹਿਰੀਲੀ ਗੈਸ ਦੇ ਸੰਪਰਕ ’ਚ ਆਉਣ ਨਾਲ ਬੇਹੋਸ਼ ਹੋ ਗਏ। ਹਸਪਤਾਲ ’ਚ ਉਨ੍ਹਾਂ ਨੂੰ ਮਿ੍ਰਤਕ ਕਰਾਰ ਦੇ ਦਿੱਤਾ।
ਦਹਿਸ਼ਤਗਰਦਾਂ ਨੇ 7 ਲੋਕ ਮਾਰੇ
ਕਰਾਚੀ : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਖੇਤਰ ਵਿਚ ਸਥਿਤ ਬੰਦਰਗਾਹ ਸ਼ਹਿਰ ਗਵਾਦਰ ’ਚ ਦਹਿਸ਼ਤਗਰਦਾਂ ਦੇ ਹਮਲੇ ਵਿਚ 7 ਵਿਅਕਤੀ ਮਾਰੇ ਗਏ। ਸੁਰਬੰਦਰ ਇਲਾਕੇ ’ਚ ਗਵਾਦਰ ਫਿਸ਼ ਹਾਰਬਰ ਨੇੜੇ ਇਮਾਰਤ ’ਤੇ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ’ਚ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਇਹ ਵਾਲ ਕੱਟਣ ਦੀ ਦੁਕਾਨ ’ਤੇ ਕੰਮ ਕਰਦੇ ਸਨ।




