ਨਵੀਂ ਦਿੱਲੀ : ਸਾਬਕਾ ਜੱਜਾਂ ਮਦਨ ਬੀ ਲੋਕੁਰ ਤੇ ਏ ਪੀ ਸ਼ਾਹ ਅਤੇ ਪੱਤਰਕਾਰ ਐੱਨ ਰਾਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਲੋਕ ਸਭਾ ਚੋਣਾਂ ਦੇ ਸੰਬੰਧ ’ਚ ਜਨਤਕ ਬਹਿਸ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਨ੍ਹਾਂ ਆਗੂਆਂ ਨੂੰ ਭੇਜੇ ਸੱਦਾ ਪੱਤਰ ਵਿਚ ਕਿਹਾ ਹੈ ਕਿ ਲੋਕ ਇਸ ਗੱਲੋਂ ਚਿੰਤਤ ਹਨ ਕਿ ਉਹ ਉਨ੍ਹਾਂ ਵੱਲੋਂ ਇਕ-ਦੂਜੇ ਵਿਰੁੱਧ ਲਾਏ ਜਾਂਦੇ ਦੋਸ਼ ਤੇ ਚੈਲੰਜ ਹੀ ਸੁਣਦੇ ਹਨ, ਪਰ ਉਨ੍ਹਾਂ ਦੇ ਅਰਥਪੂਰਨ ਹੁੰਗਾਰੇ ਨਹੀਂ ਸੁਣਦੇ।
ਪੱਤਰ ਵਿਚ ਕਿਹਾ ਗਿਆ ਹੈ18ਵੀਂ ਲੋਕ ਸਭਾ ਲਈ ਆਮ ਚੋਣਾਂ ਅੱਧ ਤੱਕ ਪੁੱਜ ਚੁੱਕੀਆਂ ਹਨ। ਰੈਲੀਆਂ ਦੌਰਾਨ ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਰਿਜ਼ਰਵੇਸ਼ਨ, ਧਾਰਾ 370 ਤੇ ਦੌਲਤ ਦੀ ਵੰਡ ਦੇ ਮੁੱਦਿਆਂ ’ਤੇ ਚੈਲੰਜ ਕੀਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਸੰਵਿਧਾਨ ਖਤਮ ਕਰਨ, ਇਲੈਕਟੋਰਲ ਬਾਂਡ ਸਕੀਮ ਅਤੇ ਸਰਕਾਰ ਦੇ ਚੀਨ ਪ੍ਰਤੀ ਰਵੱਈਏ ’ਤੇ ਕਿੰਤੂ ਕੀਤੇ ਹਨ ਤੇ ਜਨਤਕ ਬਹਿਸ ਕਰ ਲੈਣ ਲਈ ਵੰਗਾਰਿਆ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੇ ਸਿਆਸੀ ਆਗੂ ਗੈਰ-ਪੱਖਪਾਤੀ ਤੇ ਗੈਰ-ਵਪਾਰਕ ਮੰਚ ’ਤੇ ਬਹਿਸ ਕਰਨ ਤਾਂ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਨਾਲ ਜਮਹੂਰੀ ਪ੍ਰਕਿਰਿਆ ਵੀ ਕਾਫੀ ਮਜ਼ਬੂਤ ਹੋਵੇਗੀ। ਥਾਂ, ਸਮੇਂ, ਬਹਿਸ ਕਰਾਉਣ ਵਾਲੇ ਤੇ ਬਹਿਸ ਦੇ ਨਿਯਮਾਂ ਬਾਰੇ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਸਹਿਮਤੀ ਬਣਾ ਸਕਦੇ ਹਨ। ਜੇ ਉਨ੍ਹਾਂ ਕੋਲ ਸਮਾਂ ਨਹੀਂ ਤਾਂ ਉਹ ਆਪਣੇ ਨੁਮਾਇੰਦੇ ਨਾਮਜ਼ਦ ਕਰ ਸਕਦੇ ਹਨ।
ਮਦਨ ਬੀ ਲੋਕੁਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਹਨ। ਸ਼ਾਹ ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਹਨ ਤੇ ਐੱਨ ਰਾਮ ‘ਦੀ ਹਿੰਦੂ’ ਅਖਬਾਰ ਦੇ ਸਾਬਕਾ ਐਡੀਟਰ-ਇਨ-ਚੀਫ ਹਨ।




