ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ)ਸੀ ਪੀ ਆਈ ਤੇ ਸੀ ਪੀ ਐੱਮ ਵੱਲੋਂ ਸਾਂਝੇ ਤੌਰ ’ਤੇ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਗੁਰਦਿਆਲ ਸਿੰਘ ਦੇ ਹੱਕ ਵਿੱਚ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਪਹਿਲੇ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਮੇਲੇ ’ਤੇ ਪਿੰਡ ਠੱਟਾ ਵਿਖੇ ਵਿਸ਼ਾਲ ਕਾਨਫਰੰਸ ਅਤੇ ਨਾਟਕ ਮੇਲਾ ਰਜਿੰਦਰ ਸਿੰਘ ਰਾਣਾ ਐਡਵੋਕੇਟ ਦੀ ਅਗਵਾਈ ਹੇਠ ਅਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਨਰਿੰਦਰ ਸਿੰਘ ਸੋਨੀਆ ਤੇ ਸੁਰਜੀਤ ਸਿੰਘ ਠੱਠਾ ਨੇ ਕੀਤੀ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਰਜਿੰਦਰਪਾਲ ਕੌਰ ਨੇ ਕਿਹਾ ਕਿ ਬਾਬਾ ਬੀਰ ਸਿੰਘ ਦਾ ਜਨਮ ਸਥਾਨ ਤਰਨ ਤਾਰਨ ਜ਼ਿਲ੍ਹੇ ਵਿੱਚ ਇਤਿਹਾਸਕ ਸਥਾਨ ਝਬਾਲ ਦੇ ਨੇੜੇ ਪਿੰਡ ਗੱਗੋਬੂਹਾ ਹੈ। ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਬਹਾਦਰ ਕਪਤਾਨ ਸਨ। ਮਹਾਰਾਜਾ ਦੀ ਫੌਜ ਦਾ ਇੱਕ ਡੋਗਰਾ ਕਪਤਾਨ ਅੰਗਰੇਜ਼ਾਂ ਨਾਲ ਰਲ ਗਿਆ ਤੇ ਉਹ ਮਹਾਰਾਜੇ ਦੇ ਰਾਜ ਨੂੰ ਡੋਬਣ ਤੱਕ ਪਹੁੰਚ ਗਿਆ, ਪਰ ਬਾਬਾ ਬੀਰ ਸਿੰਘ ਨੇ ਡੋਗਰੇ ਦੀ ਉਸ ਦੀ ਘਿਨਾਉਣੀ ਹਰਕਤ ਦੀ ਕਰੜੀ ਵਿਰੋਧਤਾ ਕਰਦੇ ਹੋਏ ਸ਼ਾਂਤ ਰਹਿ ਕੇ ਸ਼ਹਾਦਤ ਦਾ ਜਾਮ ਪੀਤਾ ਸੀ। ਸੀ ਪੀ ਆਈ ਤੇ ਸੀ ਪੀ ਆਈ (ਐੱਮ) ਦੇ ਸਾਥੀ ਤੇ ਸਾਰਾ ਅਵਾਮ ਉਸ ਮਹਾਨ ਦੇਸ਼ ਭਗਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹੈ। ਆਗੂਆਂ ਕਿਹਾ ਕਿ ਗਦਾਰ ਡੋਗਰੇ ਦੀ ਤਰ੍ਹਾਂ ਅੱਜ ਮੋਦੀ ਵੀ ਕਾਰਪੋਰੇਟ ਘਰਾਣਿਆਂ ਦੇ ਟੇਟੇ ਚੜ੍ਹ ਕੇ ਹਿੰਦੁਸਤਾਨ ਕਾਰਪੋਰੇਟਾਂ ਨੂੰ ਵੇਚਣ ਦੇ ਰਾਹ ਤੁਰਿਆ ਹੋਇਆ ਹੈ। ਇਹ ਕਾਰਪੋਰੇਟ ਦੇਸੀ ਤੇ ਵਿਦੇਸ਼ੀ ਹਨ, ਇਨ੍ਹਾਂ ਦਾ ਜਾਲ ਸਾਰੀ ਦੁਨੀਆ ਵਿੱਚ ਵਿਛਿਆ ਹੋਇਆ ਹੈ। ਇਹ ਕਾਰਪੋਰੇਟ ਸਾਡੀ ਧਰਤੀ ਮਾਂ ਭਾਵ ਖੇਤੀ ਵਾਲੀ ਜ਼ਮੀਨ ਹੜੱਪਣਾ ਚਾਹੁੰਦੇ ਹਨ ਤੇ ਦੇਸ਼ ਤੇ ਕੌਮ ਦਾ ਗਦਾਰ ਮੋਦੀ ਇਹ ਸਾਡੀ ਧਰਤੀ ਮਾਂ ਉਨ੍ਹਾਂ ਨੂੰ ਸੌਂਪਣਾ ਚਾਹੁੰਦਾ ਹੈ। ਇੱਕ ਵਾਰ ਤਾਂ ਕਿਸਾਨਾਂ, ਮਜ਼ਦੂਰਾਂ, ਔਰਤਾਂ, ਮੁਲਾਜ਼ਮਾਂ, ਛੋਟੇ ਦੁਕਾਨਦਾਰਾਂ ਤੇ ਕਾਰਖਾਨੇਦਾਰਾਂ ਨੇ ਦਿੱਲੀ ਦੇ ਬਾਰਡਰ ’ਤੇ ਮੋਰਚਾ ਲਾ ਕੇ ਧਰਤੀ ਬਚਾ ਲਈ ਹੈ, ਪਰ ਜੇ ਹੁਣ ਵਾਲੀਆਂ ਪਾਰਲੀਮੈਂਟ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਮੁੜ ਬਣ ਗਈ ਤਾਂ ਫਿਰ ਸਾਡੀ ਜ਼ਮੀਨ ਬਚਣੀ ਮੁਸ਼ਕਲ ਹੈ। ਇਸ ਲਈ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਗੁਰਦਿਆਲ ਸਿੰਘ ਨੂੰ ਕਾਮਯਾਬ ਬਣਾਓ, ਉਹ ਪਾਰਲੀਮੈਂਟ ਵਿੱਚ ਪਹੁੰਚ ਕੇ ਸਾਡੀ ਧਰਤੀ ਮਾਂ ਦੀ ਰਾਖੀ ਕਰੇਗਾ।
ਗੁਰਦਿਆਲ ਸਿੰਘ ਨੇ ਕਿਹਾ ਕਿ ਮੈਂ ਯਕੀਨ ਦਿਵਾਉਂਦਾ ਹਾਂ ਕਿ ਮੈਂ ਪਾਰਲੀਮੈਂਟ ਵਿੱਚ ਜਾ ਕੇ ਸਾਡੀ ਧਰਤੀ ਮਾਂ ਨੂੰ ਬਚਾਈ ਰੱਖਣ ਲਈ ਸੰਘਰਸ਼ ਲੜਦਾ ਰਹਾਂਗਾ। ਇਸ ਤੋਂ ਇਲਾਵਾ ਪੰਜਾਬ ਦੀ ਜਵਾਨੀ ਵਿਦੇਸ਼ਾਂ ਵਿੱਚ ਧੱਕੇ ਖਾਣ ਤੋਂ ਬਚਾਉਣ ਲਈ ਪਾਰਲੀਮੈਂਟ ਵਿੱਚ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਬਣਾਉਣ ’ਤੇ ਜ਼ੋਰ ਦੇਵਾਂਗਾ। ਜੇ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਇਸ ਕਾਨੂੰਨ ਅਨੁਸਾਰ 18 ਸਾਲ ਦੀ ਉਮਰ ਤੋਂ ਹਰੇਕ ਕੁੜੀ-ਮੁੰਡੇ ਨੂੰ ਰੁਜ਼ਗਾਰ ਭਾਵ ਸਰਕਾਰੀ ਨੌਕਰੀ ਮਿਲਣੀ ਯਕੀਨੀ ਹੋਵੇਗੀ। ਜਿੰਨਾ ਚਿਰ ਤੱਕ ਰੁਜ਼ਗਾਰ ਨਹੀਂ ਮਿਲਦਾ, ਓਨਾ ਚਿਰ ਤੱਕ ਕੰਮ ਇੰਤਜ਼ਾਰ ਭੱਤਾ ਮਿਲੇਗਾ, ਉਹ ਵੀ ਘੱਟੋ-ਘੱਟ ਉਜਰਤ ਦੇ ਬਰਾਬਰ ਮਿਲੇਗਾ। ਬਾਰ੍ਹਵੀਂ ਜਮਾਤ ਤੱਕ ਮੁਫਤ ਵਿਦਿਆ ਨੂੰ ਯਕੀਨੀ ਬਣਾਵਾਂਗਾ। ਕਿਰਤੀਆਂ ਦੇ ਘਰ ਬਣਾ ਕੇ ਦੇਣ ਦੀ ਆਵਾਜ਼ ਪਾਰਲੀਮੈਂਟ ਵਿੱਚ ਜ਼ੋਰਦਾਰ ਢੰਗ ਨਾਲ ਉਠਾਵਾਂਗਾ। ਸਿਹਤ ਦੇ ਇਲਾਜ ਮੁਫਤ ਹੋਣ, ਇਸ ਲਈ ਸੰਘਰਸ਼ ਲੜਾਂਗਾ। ਗਰੀਬਾਂ, ਬੇਸਹਾਰਾ, ਵਿਧਵਾ ਤੇ ਅੰਗਹੀਣਾਂ ਦੀਆਂ ਪੈਨਸ਼ਨਾਂ ਵਿੱਚ ਵਾਧਾ ਤੇ ਲਗਾਤਾਰਤਾ ਯਕੀਨੀ ਬਣਾਵਾਂਗਾ। ਕਿਰਤੀ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ’ਤੇ ਜ਼ੋਰ ਪਾਵਾਂਗਾ। ਨਰੇਗਾ ਰੁਜ਼ਗਾਰ ਸਾਲ ਵਿੱਚ ਘੱਟੋ-ਘੱਟ 200 ਦਿਨ ਤੇ ਦਿਹਾੜੀ 1000 ਰੁਪਏ ਕਰਨ ਲਈ ਆਵਾਜ਼ ਲਾਮਬੰਦ ਕਰਾਂਗਾ। ਇਸ ਇਲਾਕੇ ਵਿੱਚ ਵਾਤਾਵਰਣ ਪ੍ਰਦੂਸ਼ਣ ਰਹਿਤ ਕਰਨ ਅਤੇ ਵੇਈਆਂ ਵਿੱਚ ਕਾਰਖਾਨਿਆਂ ਦਾ ਗੰਦਾ ਪਾਣੀ ਰੋਕਣ ਅਤੇ ਦਰਿਆਵਾਂ ਦੇ ਪਾਣੀ ਦੀ ਮਾਰ ਥੱਲੇ ਆਈ ਕਿਸਾਨਾਂ ਦੀ ਫਸਲ ਦਾ ਮੁਆਵਜ਼ਾ ਵਧਾ ਕੇ ਦੇਣ ਤੇ ਉਨ੍ਹਾਂ ਦੀ ਜ਼ਮੀਨ ’ਤੇ ਚੜ੍ਹੀ ਰੇਤਾ ਕੱਢਣ ਦਾ ਉਨ੍ਹਾਂ ਨੂੰ ਅਧਿਕਾਰ ਦੇਣ ਲਈ ਆਵਾਜ਼ ਪਾਰਲੀਮੈਂਟ ਵਿੱਚ ਉਠਾਏਗਾ। ਉਕਤ ਵਿਚਾਰਾਂ ਦੀ ਪੂਰਤੀ ਲਈ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ਨੂੰ ਵੋਟ ਪਾ ਕੇ ਮੈਨੂੰ ਕਾਮਯਾਬ ਬਣਾਓ।
ਕਾਨਫਰੰਸ ਨੂੰ ਰਜਿੰਦਰ ਸਿੰਘ ਰਾਣਾ ਐਡਵੋਕੇਟ, ਟਰੇਡ ਯੂਨੀਅਨ ਆਗੂ ਮੁਕੰਦ ਸਿੰਘ, ਮਾਸਟਰ ਚਰਨ ਸਿੰਘ ਸੈਕਟਰੀ ਸੀ ਪੀ ਆਈ, ਬਲਦੇਵ ਸਿੰਘ ਧੂੰਦਾ, ਸਰਵਣ ਸਿੰਘ ਕਰਮਜੀਤਪੁਰ, ਨਰਿੰਜਨ ਸਿੰਘ ਸਾਲਾਪੁਰ, ਜਗਜੀਤ ਸਿੰਘ, ਗਿਆਨ ਚੰਦ ਸ਼ਤਾਬਗੜ੍ਹ, ਮਦਨ ਲਾਲ ਕੰਡਾ, ਮਨਜੀਤ ਸਿੰਘ ਢਿੱਲੋਂ, ਜਸਵੰਤ ਸਿੰਘ ਖਡੂਰ ਸਾਹਿਬ, ਪਾਲਾ ਸਿੰਘ, ਦਰਸ਼ਨ ਸਿੰਘ ਬਿਹਾਰੀਪੁਰ, ਕੁਲਵੰਤ ਸਿੰਘ, ਜਗਤਾਰ ਸਿੰਘ ਜੱਗਾ ਖਡੂਰ ਸਾਹਿਬ, ਡਾਕਟਰ ਮਹਿੰਦਰ ਸਿੰਘ ਤੇ ਮੁਖਤਾਰ ਸਿੰਘ ਸਰਪੰਚ ਆਦਿ ਨੇ ਸੰਬੋਧਨ ਕੀਤਾ।