ਵਾਸ਼ਿੰਗਟਨ : ਅਮਰੀਕਾ ਦੇ ਨਾਮੀ ਡਿਪਲੋਮੈਟ ਨੇ ਕਿਹਾ ਹੈ ਕਿ ਅਮਰੀਕੀ ਧਰਤੀ ‘ਤੇ ਵੱਖਵਾਦੀ ਨੇਤਾ ਗੁਰਪਤਵੰਤ ਸਿੰਘ ਪਨੂੰ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਵਿਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਦੋਸ਼ਾਂ ‘ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਭਾਰਤ ਤੋਂ ਜਿਸ ਜਵਾਬਦੇਹੀ ਦੀ ਉਮੀਦ ਕੀਤੀ ਸੀ, ਉਸ ਸੰਬੰਧ ਵਿਚ ਉਹ ਹੁਣ ਤੱਕ ਚੁੱਕੇ ਕਦਮ ਤੋਂ ਸੰਤੁਸ਼ਟ ਹੈ | ਅਮਰੀਕੀ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿਚ ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਭਾਰਤੀ ਸਰਕਾਰੀ ਕਰਮਚਾਰੀ ਨਾਲ ਮਿਲ ਕੇ ਪਨੂੰ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ | ਅੱਤਵਾਦ ਦੇ ਦੋਸ਼ਾਂ ‘ਚ ਭਾਰਤ ‘ਚ ਲੋੜੀਂਦੇ ਪਨੂੰ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ | ਉਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਅੱਤਵਾਦੀ ਵਜੋਂ ਸੂਚੀਬੱਧ ਕੀਤਾ ਹੋਇਆ ਹੈ | ਭਾਰਤ ‘ਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਅਮਰੀਕੀ ਥਿੰਕ-ਟੈਂਕ ‘ਕਾਊਾਸਿਲ ਆਨ ਫਾਰੇਨ ਰਿਲੇਸਨਜ਼’ (ਸੀ ਐੱਫ ਆਰ) ਵੱਲੋਂ ਕਰਵਾਏ ਸਮਾਗਮ ਦੌਰਾਨ ਕਿਹਾ-ਕਿਸੇ ਵੀ ਰਿਸ਼ਤੇ ‘ਚ ਉਤਰਾਅ-ਚੜ੍ਹਾਅ ਆਉਂਦੇ ਹਨ ਅਤੇ ਇਸ ਮਾਮਲੇ ‘ਚ ਇਹ ਰਿਸ਼ਤੇ ‘ਚ ਪਹਿਲਾ ਵੱਡਾ ਟਕਰਾਅ ਹੋ ਸਕਦਾ ਸੀ ਅਤੇ ਸ਼ੁਕਰ ਹੈ ਕਿ ਅਸੀਂ ਜਿਹੋ ਜਿਹੀ ਜਵਾਬਦੇਹੀ ਦੀ ਆਸ ਕੀਤੀ ਸੀ, ਪ੍ਰਸ਼ਾਸਨ ਹੁਣ ਤੱਕ ਉਸ ਤੋਂ ਸੰਤੁਸ਼ਟ ਹੈ | ਇਹ ਅਮਰੀਕਾ ਅਤੇ ਸਾਡੇ ਨਾਗਰਿਕਾਂ ਲਈ ਮਹੱਤਵਪੂਰਨ ਹੈ | ਇਹ ਅਪਰਾਧਿਕ ਮਾਮਲਾ ਹੈ ਜਿਸ ‘ਤੇ ਮੁਕੱਦਮਾ ਚਲਾਇਆ ਗਿਆ ਹੈ | ਜੇ ਸਰਕਾਰੀ ਤੱਤ ਸ਼ਾਮਲ ਹਨ ਤਾਂ ਜਵਾਬਦੇਹੀ ਹੋਣੀ ਚਾਹੀਦੀ ਹੈ | ਅਸੀਂ ਇਸ ਜਵਾਬਦੇਹੀ ਦੀ ਉਮੀਦ ਸਿਰਫ ਆਪਣੇ ਤੋਂ ਹੀ ਨਹੀਂ, ਭਾਰਤ ਤੋਂ ਵੀ ਕਰਦੇ ਹਾਂ |




