ਪੁਣੇ : ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਤਰਕਸ਼ੀਲ ਨਰਿੰਦਰ ਦਾਭੋਲਕਰ ਹੱਤਿਆ ਕਾਂਡ ਦੇ ਪੰਜ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਬਰੀ ਕਰ ਦਿੱਤਾ ਤੇ ਦੋ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ | ਦਾਭੋਲਕਰ ਨੂੰ 20 ਅਗਸਤ 2013 ਨੂੰ ਉਦੋਂ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਪੁਣੇ ‘ਚ ਸਵੇਰ ਦੀ ਸੈਰ ਲਈ ਨਿਕਲ ਰਹੇ ਸਨ | ਇਸ ਮਾਮਲੇ ‘ਚ ਪੰਜ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ | ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਨਾਲ ਸੰਬੰਧਤ ਮਾਮਲਿਆਂ ਲਈ ਵਿਸ਼ੇਸ਼ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਪੀ ਪੀ ਜਾਧਵ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਸਚਿਨ ਅੰਦੂਰੇ ਅਤੇ ਸ਼ਰਦ ਕਲਸਕਰ ‘ਤੇ ਹੱਤਿਆ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਸਾਬਤ ਕਰ ਦਿੱਤੇ ਹਨ ਤੇ ਉਨ੍ਹਾਂ ਨੂੰ ਉਮਰ ਕੈਦ ਅਤੇ 5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ |
ਸੀ ਬੀ ਆਈ ਅਨੁਸਾਰ ਅੰਦੂਰੇ ਅਤੇ ਕਲਸਕਰ ਨੇ ਦਾਭੋਲਕਰ ‘ਤੇ ਗੋਲੀਬਾਰੀ ਕੀਤੀ ਸੀ | ਅਦਾਲਤ ਨੇ ਮੁਲਜ਼ਮ ਈ ਐੱਨ ਟੀ (ਕੰਨ-ਨੱਕ-ਗਲਾ) ਸਰਜਨ ਵਰਿੰਦਰ ਸਿੰਘ ਤਾਵੜੇ, ਸੰਜੀਵ ਪੁਨਾਲੇਕਰ ਅਤੇ ਵਿਕਰਮ ਭਾਵੇ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ | ਡਾ. ਤਾਵੜੇ ਹੱਤਿਆ ਕਾਂਡ ਦਾ ਮਾਸਟਰਮਾਈਾਡ ਮੰਨਿਆ ਜਾ ਰਿਹਾ ਸੀ |
ਦਾਭੋਲਕਰ ਮਹਾਰਾਸ਼ਟਰ ਅੰਧਸ਼ਰਧਾ ਨਿਰਮੂਲਨ ਸਮਿਤੀ ਦੇ ਮੁਖੀ ਸਨ | ਦਾਭੋਲਕਰ ਦੀ ਹੱਤਿਆ ਦੇ ਬਾਅਦ ਚਾਰ ਸਾਲਾਂ ਵਿਚ ਤਿੰਨ ਹੋਰਾਂ ਦੀਆਂ ਹੱਤਿਆਵਾਂ ਹੋਈਆਂ ਸਨ | ਫਰਵਰੀ 2015 ਵਿਚ ਕਮਿਊਨਿਸਟ ਆਗੂ ਗੋਵਿੰਦ ਪੰਸਾਰੇ ਤੇ ਉਸੇ ਸਾਲ ਅਗਸਤ ਵਿਚ ਕੰਨੜ ਸਕਾਲਰ ਐੱਮ ਐੱਮ ਕਲਬੁਰਗੀ ਦੀ ਕੋਲਹਾਪੁਰ ਵਿਚ ਹੱਤਿਆ ਕਰ ਦਿੱਤੀ ਗਈ | ਸਤੰਬਰ 2017 ਵਿਚ ਪੱਤਰਕਾਰ ਗੌਰੀ ਲੰਕੇਸ਼ ਦੀ ਬੇਂਗਲੁਰੂ ਵਿਚ ਉਨ੍ਹਾ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ |
ਸੀ ਬੀ ਆਈ ਨੂੰ ਸ਼ੱਕ ਸੀ ਕਿ ਦਾਭੋਲਕਰ ਤੇ ਤਿੰਨ ਹੋਰ ਹੱਤਿਆਵਾਂ ਵਿਚ ਸ਼ਾਮਲ ਅਪਰਾਧੀ ਇਕ-ਦੂਜੇ ਨਾਲ ਜੁੜੇ ਹੋਏ ਸਨ | ਪੁਣੇ ਪੁਲਸ ਨੇ ਦਾਭੋਲਕਰ ਕਾਂਡ ਦੀ ਸ਼ੁਰੂਆਤੀ ਜਾਂਚ ਕੀਤੀ ਸੀ |
ਬੰਬੇ ਹਾਈ ਕੋਰਟ ਨੇ 2014 ਵਿਚ ਜਾਂਚ ਸੀ ਬੀ ਆਈ ਹਵਾਲੇ ਕਰ ਦਿੱਤੀ ਸੀ ਤੇ ਸੀ ਬੀ ਆਈ ਨੇ 10 ਜੂਨ 2016 ਵਿਚ ਪਹਿਲੀ ਗਿ੍ਫਤਾਰੀ ਡਾ. ਤਾਵੜੇ ਦੀ ਕੀਤੀ ਸੀ | ਉਸ ਨੂੰ ਪੰਸਾਰੇ ਕਾਂਡ ਵਿਚ ਪਹਿਲਾਂ ਵੀ ਗਿ੍ਫਤਾਰ ਕੀਤਾ ਗਿਆ ਸੀ | ਸੀ ਬੀ ਆਈ ਨੇ ਦੱਸਿਆ ਸੀ ਕਿ ਦਾਭੋਲਕਰ ਤੇ ਪੰਸਾਰੇ ਦੀ ਹੱਤਿਆ ਲਈ ਇਕ ਹੀ ਬਾਈਕ ਤੇ ਹਥਿਆਰ ਵਰਤੇ ਗਏ | ਤਾਵੜੇ ਦੱਖਣਪੰਥੀ ਸੰਗਠਨ ਸਨਾਤਨ ਸੰਸਥਾ ਨਾਲ ਜੁੜਿਆ ਸੀ | ਇਹ ਸੰਸਥਾ ਦਾਭੋਲਕਰ ਦੇ ਸੰਗਠਨ ਮਹਾਰਾਸ਼ਟਰ ਅੰਧਸ਼ਰਧਾ ਨਿਰਮੂਲਨ ਸਮਿਤੀ ਦੇ ਕੰਮਾਂ ਦਾ ਵਿਰੋਧ ਕਰਦੀ ਸੀ | ਸੀ ਬੀ ਆਈ ਨੇ ਦਾਅਵਾ ਕੀਤਾ ਸੀ ਕਿ ਦਾਭੋਲਕਰ ਦੀ ਹੱਤਿਆ ਦੀ ਸਾਜ਼ਿਸ਼ ਤਾਵੜੇ ਨੇ ਰਚੀ ਸੀ |



