ਕੋਟਕਪੂਰਾ (ਰਛਪਾਲ ਭੁੱਲਰ)
ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸਾਂਝੇ ਉਮੀਦਵਾਰ ਕਾਮਰੇਡ ਗੁਰਚਰਨ ਸਿੰਘ ਮਾਨ ਵੱਲੋਂ ਸ਼ਨੀਵਾਰ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਪਿੱਪਲੀ, ਪੱਖੀ ਕਲਾਂ, ਭਾਗਥਲਾ ਕਲਾਂ, ਭਾਗਥਲਾ ਖੁਰਦ, ਗੋਲੇਵਾਲਾ, ਕਾਬਲਵਾਲਾ, ਰਾਜੋਵਾਲਾ, ਸਾਧਾਂਵਾਲਾ, ਝਾੜੀਵਾਲਾ, ਪੱਖੀ ਖੁਰਦ, ਡੱਲੇਵਾਲ, ਬੇਗੂਵਾਲਾ ਅਤੇ ਫਰੀਦਕੋਟ ਸ਼ਹਿਰ ਦੀਆਂ ਕਈ ਬਸਤੀਆਂ ਵਿੱਚ ਜਾ ਕੇ ਖੇਤ ਮਜ਼ਦੂਰਾਂ, ਨਰੇਗਾ ਮਜ਼ਦੂਰਾਂ, ਉਸਾਰੀ ਨਾਲ ਸੰਬੰਧਤ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਉਹਨਾ ਆਪਣੇ ਸੰਬੋਧਨ ਵਿੱਚ ਦੇਸ਼ ਅਤੇ ਪੰਜਾਬ ਵਿੱਚ ਰਾਜ ਕਰਦੀਆਂ ਪਾਰਟੀਆਂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਆਪਣੇ ਸੌੜੇ ਹਿੱਤਾਂ ਦੀ ਖਾਤਰ ਹਮੇਸ਼ਾ ਹੀ ਕਿਰਤੀ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ ਹੈ ਅਤੇ ਵੋਟਾਂ ਲੈਣ ਦੀ ਖਾਤਰ ਝੂਠੇ ਲਾਰੇ ਲਾ ਕੇ ਵੋਟਾਂ ਬਟੋਰੀਆਂ ਹਨ । ਉਹਨਾ ਕਿਹਾ ਕਿ ਸਮੂਹ ਮਜ਼ਦੂਰਾਂ, ਕਿਸਾਨਾਂ ਤੇ ਆਮ ਲੋਕਾਂ ਨੂੰ ਇਸ ਵਾਰ ਇਹਨਾਂ ਪਾਰਟੀਆਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਿਰਤ ਦੀ ਲਹਿਰ ਨੂੰ ਪ੍ਰਣਾਏ ਹੋਏ ਉਮੀਦਵਾਰਾਂ ਦੇ ਹੱਕ ਵਿੱਚ ਕਰਨੀ ਚਾਹੀਦੀ ਹੈ। ਉਹਨਾ ਨਾਲ ਭਾਰਤੀ ਕਮਿਊਨਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਮਾਸਟਰ ਅਸ਼ੋਕ ਕੌਸ਼ਲ, ਨਰੇਗਾ ਮਜ਼ਦੂਰਾਂ ਦੇ ਆਗੂ ਗੋਰਾ ਪਿਪਲੀ, ਪੰਜਾਬ ਖੇਤ ਮਜਦੂਰ ਸਭਾ ਦੇ ਆਗੂ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਤੇ ਵੀਰ ਸਿੰਘ ਕੰਮੇਆਣਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਜਿੰਦਰ ਸਿੰਘ ਤੂੰਬੜਬਨ ਅਤੇ ਮੁਖਤਿਆਰ ਸਿੰਘ ਭਾਣਾ ਨੇ ਵੀ ਵੱਖ-ਵੱਖ ਥਾਵਾਂ ’ਤੇ ਹੋਈਆਂ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਲੋਕ ਵਿਰੋਧੀ ਸ਼ਕਤੀਆਂ ਨੂੰ ਹਰਾਉਣ ਅਤੇ ਗੁਰਚਰਨ ਸਿੰਘ ਮਾਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ।





