ਜਲੰਧਰ (ਸ਼ੈਲੀ ਐਲਬਰਟ)
ਸੂਬੇ ਵਿੱਚ ਹੈਰੋਇਨ ਬਰਾਮਦਗੀ ਦੇ ਸਭ ਤੋਂ ਵੱਡੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਸ ਨੇ ਪਹਿਲਾਂ ਬਰਾਮਦ ਕੀਤੀ ਗਈ 48 ਕਿਲੋਗ੍ਰਾਮ ਤੋਂ ਇਲਾਵਾ 500 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਸ ਰੈਕੇਟ ਨੂੰ ਚਲਾਉਣ ਵਾਲੇ 10 ਹੋਰ ਵਿਅਕਤੀਆਂ (ਕੁੱਲ 13) ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਸ ਨੇ ਪਿਛਲੇ ਹਫਤੇ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 48 ਕਿਲੋ ਹੈਰੋਇਨ ਬਰਾਮਦ ਕਰਕੇ ਇਸ ਰੈਕੇਟ ਦਾ ਪਰਦਾ ਫਾਸ਼ ਕੀਤਾ ਹੈ। ਅਗਲੇਰੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਸ ਗਰੋਹ ਨੂੰ 10 ਚਲਾਕ ਅਪਰਾਧੀਆਂ ਵੱਲੋਂ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ, ਜਿਨ੍ਹਾਂ ਨੂੰ ਕਮਿਸ਼ਨਰੇਟ ਪੁਲਸ ਨੇ ਗਿ੍ਰਫਤਾਰ ਕੀਤਾ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪਰਮਿੰਦਰ ਕੌਰ ਉਰਫ ਰਾਣੀ ਵਾਸੀ ਪਿੰਡ ਲੱਖਪੁਰ ਲੰਗੇਰੀ, ਥਾਣਾ ਸਦਰ ਬੰਗਾ ਜ਼ਿਲ੍ਹਾ ਨਵਾਂਸ਼ਹਿਰ, ਹੁਣ ਵਿਧਾਇਕ ਬੰਗਾ ਦੀ ਰਿਹਾਇਸ਼ ਨੇੜੇ ਬੀ ਡੀ ਓ ਕਲੋਨੀ, ਨਵਾਂਸ਼ਹਿਰ, ਰੋਹਿਤ ਕੁਮਾਰ ਵਾਸੀ ਪਿੰਡ ਕਟੜਾ ਚੜ੍ਹਤ ਸਿੰਘ, ਅੰਮਿ੍ਰਤਸਰ, ਦਲਜੀਤ ਸਿੰਘ ਵਾਸੀ ਪਿੰਡ ਵਿਰਕਾਂ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ, ਅਮਰਜੀਤ ਸ਼ਰਮਾ ਉਰਫ ਸੋਨੂੰ ਸ਼ਰਮਾ ਉਰਫ ਸੋਨੂੰ ਵਾਸੀ ਵਾਰਡ ਨੰਬਰ 8 ਮੁਹੱਲਾ 9 ਗਰੁੱਪ ਮੇਨ ਬਜ਼ਾਰ ਗੜ੍ਹਸ਼ੰਕਰ, ਅਨਿਲ ਕੁਮਾਰ ਵਾਸੀ ਵਾਰਡ ਨੰ: 7 ਮੁਹੱਲਾ ਰਹਿਕਨ, ਗੜ੍ਹਸ਼ੰਕਰ, ਸੁਰਜੀਤ ਕੁਮਾਰ ਵਾਸੀ ਵਾਰਡ ਨੰ: 4 ਨੌਹਰੀਆਂ ਵਾਲੀ ਗਲੀ ਗੜ੍ਹਸ਼ੰਕਰ, ਗੁਰਵਿੰਦਰ ਸਿੰਘ ਪਿੰਡ ਪੰਡੋਰੀ, ਜ਼ਿਲ੍ਹਾ ਅੰਮਿ੍ਰਤਸਰ, ਮਨਜੀਤ ਸਿੰਘ ਉਰਫ ਸੋਨੀ ਵਾਸੀ ਪਿੰਡ ਮੁਹਾਵਾ ਜ਼ਿਲ੍ਹਾ ਅੰਮਿ੍ਰਤਸਰ, ਖੁਸ਼ਹਾਲ ਉਰਫ ਗੋਪਾਲ ਸੈਣੀ ਸ਼ਿਵ ਸ਼ਕਤੀ ਮੰਦਰ ਹੈਬੋਵਾਲ, ਲੁਧਿਆਣਾ ਅਤੇ ਮਲਕੀਤ ਸਿੰਘ ਵਾਸੀ ਪਿੰਡ ਭੂਸੇ, ਥਾਣਾ ਸਰਾਏ ਅਮਾਨਤ ਖਾਂ, ਤਰਨ ਤਾਰਨ ਵਜੋਂ ਹੋਈ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਸ ਰੈਕੇਟ ਨੂੰ ਬੜੇ ਪੇਸ਼ੇਵਰ ਤਰੀਕੇ ਨਾਲ ਚਲਾਉਂਦੇ ਸਨ, ਕਿਉਂਕਿ ਰੋਹਿਤ ਸਿੰਘ ਹਰਦੀਪ ਸਿੰਘ ਰਾਹੀਂ ਹਵਾਲਾ ਚੈਨਲਾਂ ਦੀ ਵਰਤੋਂ ਕਰਕੇ ਨਜਾਇਜ਼ ਧੰਦੇ ਨੂੰ ਵਧਾਉਂਦਾ ਸੀ। ਗੁਰਵਿੰਦਰ ਸਿੰਘ ਅਤੇ ਮਨਜੀਤ ਸਿੰਘ 2021 ਤੋਂ ਵੱਡੇ ਪੱਧਰ ’ਤੇ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਵਿੱਚ ਉੱਭਰੇ ਹਨ। ਪਰਮਿੰਦਰ ਕੌਰ ਉਰਫ ਰਾਣੀ ਸਤਨਾਮ ਤੋਂ ਭਾਰੀ ਮਾਤਰਾ ਵਿੱਚ ਹੈਰੋਇਨ ਖਰੀਦ ਕੇ ਇਸ ਵੰਡ ਲੜੀ ਵਿੱਚ ਇੱਕ ਪ੍ਰਮੁੱਖ ਖਿਡਾਰੀ ਵਜੋਂ ਉੱਭਰੀ ਹੈ। ਉਹ ਛੋਟੇ ਪੈਮਾਨੇ ਦੇ ਤਸਕਰਾਂ ਨੂੰ ਨਸ਼ਾ ਵੰਡਦੀ ਸੀ। ਖੁਸ਼ਹਾਲ ਕੁਮਾਰ ਨੇ ਆਪਣੇ ਜੀਜਾ ਵਿਨੋਦ ਕੁਮਾਰ ਦੇ ਵੱਡੇ ਪੱਧਰ ’ਤੇ ਹੈਰੋਇਨ ਦੇ ਅਪ੍ਰੇਸ਼ਨ ਰਾਹੀਂ ਸਤਨਾਮ ਸਿੰਘ ਦੇ ਜਵਾਈ ਹਰਦੀਪ ਸਿੰਘ ਨਾਲ ਸੰਪਰਕ ਕਾਇਮ ਕੀਤਾ ਅਤੇ ਇਸ ਸੰਬੰਧ ਨੇ ਖੁਸ਼ਹਾਲ ਕੁਮਾਰ ਨੂੰ ਹੈਰੋਇਨ ਦੀ ਖਰੀਦ ਸ਼ੁਰੂ ਕਰਨ ਵਿੱਚ ਮਦਦ ਕੀਤੀ। ਦਲਜੀਤ ਸਿੰਘ ਅਤੇ ਅਮਰਜੀਤ ਸ਼ਰਮਾ ਸਤਨਾਮ ਸਿੰਘ ਦੀ ਮਦਦ ਨਾਲ ਹੈਰੋਇਨ ਦੀ ਤਸਕਰੀ ਲਈ ਟਰੱਕਾਂ ਦੀ ਵਰਤੋਂ ਕਰਦੇ ਹੋਏ ਸ੍ਰੀਨਗਰ ਦੇ ਤਿੰਨ ਗੇੜੇ ਲਗਾ ਕੇ ਪ੍ਰਤੀ ਰਾਊਂਡ 50,000 ਰੁਪਏ ਪ੍ਰਤੀ ਵਿਅਕਤੀ ਕਮਾਏ ਅਤੇ ਕ੍ਰਮਵਾਰ 10 ਕਿਲੋ, 7 ਕਿਲੋ ਅਤੇ 15 ਕਿਲੋਗ੍ਰਾਮ ਦੀ ਤਸਕਰੀ ਕੀਤੀ। ਅਨਿਲ ਕੁਮਾਰ ਅਤੇ ਸੁਰਜੀਤ ਕੁਮਾਰ ਨੇ ਸਤਨਾਮ ਸਿੰਘ ਦੇ ਸਾਥੀਆਂ ਨਾਲ ਮਿਲ ਕੇ ਇਕ ਇਨੋਵਾ ਵਿਚ ਸ੍ਰੀਨਗਰ ਦਾ ਗੇੜਾ ਮਾਰ ਕੇ 10/15/12 ਕਿਲੋ ਹੈਰੋਇਨ ਦੀ ਤਸਕਰੀ ਕੀਤੀ ਅਤੇ ਪ੍ਰਤੀ ਗੇੜਾ 50,000 ਰੁਪਏ ਵਸੂਲਿਆ। ਸਵਪਨ ਸ਼ਰਮਾ ਨੇ ਦੱਸਿਆ ਕਿ ਨਸ਼ਾਖੋਰੀ ਵਿੱਚ ਸ਼ਾਮਲ ਮਲਕੀਤ ਸਿੰਘ ਨੇ ਗੁਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਨਾਲ ਮਿਲ ਕੇ ਹੈਰੋਇਨ ਦੀ ਡਲਿਵਰੀ ਕਰਵਾਉਣ ਵਿੱਚ ਮਦਦ ਕੀਤੀ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਐਫ ਆਈ ਆਰ ਥਾਣਾ ਡਵੀਜ਼ਨ 1 ਜਲੰਧਰ ਵਿਖੇ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ। ਪੁਲਸ ਨੇ ਹੁਣ ਤੱਕ 500 ਗ੍ਰਾਮ ਹੈਰੋਇਨ 84.78 ਲੱਖ ਰੁਪਏ ਦੀ ਡਰੱਗ ਮਨੀ, ਹੁੰਡਈ ਔਰਾ ਕਾਰ, ਮਾਰੂਤੀ ਸੁਜ਼ੂਕੀ ਬਲੇਨੋ ਅਤੇ ਟਰੱਕ ਬਰਾਮਦ ਕੀਤਾ ਹੈ। ਪਰਮਿੰਦਰ ਕੌਰ ਅਤੇ ਗੁਰਵਿੰਦਰ ਸਿੰਘ ਖਿਲਾਫ ਚਾਰ-ਚਾਰ ਕੇਸ ਪੈਂਡਿੰਗ ਹਨ।