ਇਸਲਾਮਾਬਾਦ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਆਟੇ ਤੇ ਬਿਜਲੀ ਦੀਆਂ ਅਸਮਾਨੀ ਪੁੱਜੀਆਂ ਕੀਮਤਾਂ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਹਿੰਸਕ ਝੜਪ ਵਿਚ ਇਕ ਪੁਲਸ ਅਧਿਕਾਰੀ ਹਲਾਕ ਤੇ ਸੌ ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਕਾਫੀ ਪੁਲਸ ਮੁਲਾਜ਼ਮ ਵੀ ਹਨ। ਅਖਬਾਰ ‘ਡਾਅਨ’ ਦੀ ਰਿਪੋਰਟ ਮੁਤਾਬਕ ਲੋਕਾਂ ਵੱਲੋਂ ਚੱਕਾ ਜਾਮ ਤੇ ਦੁਕਾਨਾਂ ਬੰਦ ਰੱਖਣ ਦੇ ਸੱਦੇ ਮਗਰੋਂ ਹਿੰਸਕ ਝੜਪਾਂ ਦੇਖਣ ਨੂੰ ਮਿਲੀਆਂ। ਮੀਰਪੁਰ ਦੇ ਐੱਸ ਐੱਸ ਪੀ ਕਾਮਰਾਨ ਅਲੀ ਨੇ ‘ਡਾਅਨ’ ਨੂੰ ਦੱਸਿਆ ਕਿ ਇਸਲਾਮਗੜ੍ਹ ਕਸਬੇ ਵਿਚ ਹੋਈ ਝੜਪ ਦੌਰਾਨ ਛਾਤੀ ’ਤੇ ਗੋਲੀ ਲੱਗਣ ਕਰਕੇ ਸਬ-ਇੰਸਪੈਕਟਰ ਅਦਨਾਨ ਕੁਰੈਸ਼ੀ ਦੀ ਮੌਤ ਹੋ ਗਈ। ਪੁਲਸ ਅਮਲਾ, ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਕੋਟਲੀ ਤੇ ਪੁਣਛ ਜ਼ਿਲ੍ਹਿਆਂ ਤੋਂ ਮੁਜ਼ੱਫਰਾਬਾਦ ਤੱਕ ਕੱਢੇ ਜਾ ਰਹੇ ਮਾਰਚ ਨੂੰ ਰੋਕ ਰਿਹਾ ਸੀ।