ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਪੈਂਦੇ 96 ਹਲਕਿਆਂ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਵਿਚ ਤਿਲੰਗਾਨਾ ਦੀਆਂ 17, ਆਂਧਰਾ ਦੀਆਂ 25, ਯੂ ਪੀ ਦੀਆਂ 13, ਬਿਹਾਰ ਦੀਆਂ 5, ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 8, ਮਹਾਰਾਸ਼ਟਰ ਦੀਆਂ 11, ਓਡੀਸ਼ਾ ਦੀਆਂ 4, ਪੱਛਮੀ ਬੰਗਾਲ ਦੀਆਂ 8 ਤੇ ਜੰਮੂ-ਕਸ਼ਮੀਰ ਦੀ ਇਕ ਸੀਟ ਸ਼ਾਮਲ ਹਨ। ਪਿਛਲੀ ਵਾਰ ਇਨ੍ਹਾਂ 96 ਵਿੱਚੋਂ ਭਾਜਪਾ ਨੇ 40 ਸੀਟਾਂ ਜਿੱਤੀਆਂ ਸਨ। ਇਸ ਗੇੜ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਟੀ ਐੱਮ ਸੀ ਆਗੂ ਮਹੂਆ ਮੋਇਤਰਾ ਤੇ ਏ ਆਈ ਐੱਮ ਆਈ ਐੱਮ ਮੁਖੀ ਅਸਦੂਦੀਨ ਓਵੈਸੀ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ।
175 ਮੈਂਬਰੀ ਆਂਧਰਾ ਪ੍ਰਦੇਸ਼ ਅਸੈਂਬਲੀ ਲਈ ਵੀ ਪੋਲਿੰਗ ਹੋਵੇਗੀ। ਆਂਧਰਾ ਪ੍ਰਦੇਸ਼ ਵਿਚ ਸੱਤਾਧਾਰੀ ਵਾਈ ਐੱਸ ਆਰ ਸੀ, ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਤੇ ਐੱਨ ਡੀ ਏ ਵਿਚਾਲੇ ਤਿਕੋਣਾ ਮੁਕਾਬਲਾ ਹੈ। ਐੱਨ ਡੀ ਏ ਵਿਚ ਭਾਜਪਾ, ਚੰੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਟੀ ਡੀ ਪੀ ਤੇ ਪਵਨ ਕਲਿਆਣ ਦੀ ਸਰਪ੍ਰਸਤੀ ਵਾਲੀ ਜਨ ਸੈਨਾ ਪਾਰਟੀ ਸ਼ਾਮਲ ਹੈ।
ਓਡੀਸ਼ਾ ਦੀਆਂ 28 ਅਸੈਂਬਲੀ ਸੀਟਾਂ ਲਈ ਵੀ ਇਸੇ ਗੇੜ ਵਿਚ ਪੋਲਿੰਗ ਹੋਵੇਗੀ। 96 ਲੋਕ ਸਭਾ ਸੀਟਾਂ ਲਈ 1717 ਉਮੀਦਵਾਰ ਚੋਣ ਪਿੜ ਵਿਚ ਹਨ। 1.92 ਲੱਖ ਪੋਲਿੰਗ ਸਟੇਸ਼ਨਾਂ ’ਤੇ 19 ਲੱਖ ਤੋਂ ਵੱਧ ਪੋਲਿੰਗ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਚੌਥੇ ਗੇੜ ਵਿਚ 17.70 ਕਰੋੜ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹਨ ਤੇ ਇਨ੍ਹਾਂ ਵਿਚੋਂ ਮਹਿਲਾ ਵੋਟਰਾਂ ਦੀ ਗਿਣਤੀ 8.73 ਕਰੋੜ ਹੈ। ਜਿਨ੍ਹਾਂ ਕੁਝ ਸੀਟਾਂ ’ਤੇ ਸਭ ਦੀਆਂ ਨਜ਼ਰਾਂ ਹਨ, ਉਨ੍ਹਾਂ ਵਿਚ ਕਨੌਜ (ਯੂ ਪੀ) ਤੋਂ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਬੇਗੂਸਰਾਏ (ਬਿਹਾਰ) ਤੋਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਉਜਿਆਰਪੁਰ (ਬਿਹਾਰ) ਤੋਂ ਨਿੱਤਿਆਨੰਦ ਰਾਏ ਤੇ ਜਾਲਨਾ (ਮਹਾਰਾਸ਼ਟਰ) ਤੋਂ ਰਾਓਸਾਹਿਬ ਦਾਨਵੇ ਸ਼ਾਮਲ ਹਨ। ਇਸੇ ਤਰ੍ਹਾਂ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਤੇ ਟੀ ਐੱਮ ਸੀ ਤੋਂ ਸਾਬਕਾ ਕਿ੍ਰਕਟਰ ਯੂਸਫ ਪਠਾਨ ਪੱਛਮੀ ਬੰਗਾਲ ਦੇ ਬਹਿਰਾਮਪੁਰ ਤੋਂ ਉਮੀਦਵਾਰ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਟੈਣੀ, ਜਿਸ ਦਾ ਪੁੱਤਰ 2021 ਦੇ ਲਖੀਮੁਪਰ ਖੀਰੀ ਹਿੰਸਾ ਕੇਸ ਵਿਚ ਮੁਲਜ਼ਮ ਹੈ, ਖੀਰੀ ਤੋਂ ਹੈਟਿ੍ਰਕ ਲਾਉਣ ਲਈ ਮੈਦਾਨ ਵਿਚ ਹੈ। ਸ਼ਤਰੂਘਨ ਸਿਨਹਾ ਦਾ ਪੱਛਮੀ ਬੰਗਾਲ ਦੇ ਆਸਨਸੋਲ ਹਲਕੇ ਵਿਚ ਭਾਜਪਾ ਉਮੀਦਵਾਰ ਐੱਸ ਐੱਸ ਆਹਲੂਵਾਲੀਆ ਨਾਲ ਮੁਕਾਬਲਾ ਹੈ।