19.1 C
Jalandhar
Thursday, November 7, 2024
spot_img

ਸੰਵਿਧਾਨ ਬਚੇਗਾ ਕਿ ਨਹੀਂ ਚੋਣਾਂ ਕਰਨਗੀਆਂ ਤੈਅ : ਨਿਲੋਤ ਪਾਲ ਬਾਸੂ

ਜਲੰਧਰ (ਗਿਆਨ ਸੈਦਪੁਰੀ)-‘ਮੌਜੂਦਾ ਲੋਕ ਸਭਾ ਦੀਆਂ ਚੋਣਾਂ ਬੁਨਿਆਦੀ ਤੌਰ ’ਤੇ ਵੱਖਰੀ ਕਿਸਮ ਦੀਆਂ ਹਨ। ਦੇਸ਼ ਦਾ ਸੰਵਿਧਾਨ, ਜੋ ਭਾਸ਼ਾਈ, ਇਲਾਕਾਈ ਧਰਮਾਂ ਤੇ ਫਿਰਕਿਆਂ ਤੋਂ ਉੱਪਰ ਉੱਠ ਕੇ ਦੇਸ਼ ਨੂੰ ‘ਏਕਤਾ’ ਦੀ ਲੜੀ ਵਿੱਚ ਪਰੋਂਦਾ ਹੈ, ਇਹ ਚੋਣਾਂ ਤੈਅ ਕਰਨਗੀਆ ਕਿ ਬਚੇਗਾ ਜਾਂ ਖ਼ਤਮ ਹੋ ਜਾਵੇਗਾ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤ ਪਾਲ ਬਾਸੂ ਨੇ ਕੀਤਾ। ਉਹ ਸੋਮਵਾਰ ਨੂੰ ਦੇਸ਼ ਭਗਤ ਯਾਦਗਾਰ ਵਿਖੇ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਦੇ ਇਕੱਤਰ ਹੋਏ ਸੈਂਕੜੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਹ ਇਕੱਠ ਦੋਵਾਂ ਪਾਰਟੀਆਂ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਸਾਂਝੇ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਦੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਮੌਕਾ ਕੀਤਾ ਗਿਆ। ਕਾਮਰੇਡ ਬਾਸੂ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਲੋਕਾਂ ਦੀ ਏਕਤਾ ਜਾਮਨ ਹੁੰਦੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਉਸ ਏਕਤਾ ਨੂੰ ਹੀ ਖ਼ਤਮ ਕਰਨ ’ਤੇ ਤੁਲਿਆ ਹੋਇਆ ਹੈ। ਦੇਸ਼ ਦੇ ਆਜ਼ਾਦੀ ਅੰਦੋਲਨ ਵੇਲੇ ਆਵਾਮ ਦੀ ਉਭਰ ਕੇ ਆਈ ਸਾਂਝ ਦੀ ਗੱਲ ਕਰਦਿਆਂ ਕਮਿਊਨਿਸਟ ਆਗੂ ਨੇ ਕਿਹਾ ਕਿ ਇੱਕੋ-ਇੱਕ ਆਰ ਐੱਸ ਅੱੈਸ ਅਜਿਹੀ ਧਿਰ ਸੀ, ਜੋ ਅੰਗਰੇਜ਼ਾਂ ਦੇ ਵਿਰੁੱਧ ਕੀਤੇ ਗਏ ਅੰਦੋਲਨ ਵਿੱਚ ਸ਼ਾਮਲ ਨਹੀਂ ਸੀ, ਸਗੋਂ ਉਨ੍ਹਾਂ ਦੀ ਭਗਤ ਸੀ। 2014 ਦੀ ਲੋਕ ਸਭਾ ਦੀ ਚੋਣ ਦੇ ਸੰਦਰਭ ਵਿੱਚ ਗੱਲ ਕਰਦਿਆਂ ਕਾਮਰੇਡ ਬਾਸੂ ਨੇ ਕਿਹਾਓਦੋਂ ਮੋਦੀ ਕਾਰਪੋਰੇਟਾਂ ਦਾ ਏਨਾ ਹੇਜਲਾ ਸੀ ਕਿ ਉਨ੍ਹਾਂ ਦਾ ਨਾਅਰਾ ਭਾਜਪਾ ਨੂੰ ਜਿਤਾਉਣ ਦਾ ਨਹੀਂ, ਸਗੋਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸੀ। ਅੱਜ ਮੋਦੀ ਦੀ ਪਤਲੀ ਸਿਆਸੀ ਹਾਲਤ ਵੇਖ ਕੇ ਕਾਰਪੋਰੇਟ ਘਰਾਣੇ ਵੀ ਉਸ ਤੋਂ ਮੁੱਖ ਮੋੜ ਗਏ ਨਜ਼ਰ ਆਉਂਦੇ ਹਨ। ਪੰਜਾਬ ਦੀ ਚੋਣ ਤਸਵੀਰ ਦੀ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਪੰਜਾਬ ਤੋਂ ਭਾਜਪਾ ਦੀਆਂ ਦੋ ਸੀਟਾਂ ਸਨ, ਇਸ ਵਾਰ ਉਹ ਵੀ ਨਹੀਂ ਰਹਿਣੀਆਂ।
ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਦੇਸ਼ ਦਾ ਹੁਣ ਵਾਲਾ ਇਤਹਾਸ ਲਿਖਿਆ ਜਾਵੇਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅਸਭ ਤੋਂ ਝੂਠੇ ਤੇ ਭਿ੍ਰਸ਼ਟਾਚਾਰੀ ਵਜੋਂ ਸ਼ਾਮਲ ਹੋਵੇਗਾ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਸੰਵਿਧਾਨ ਦਾ, ਸੰਵਿਧਾਨਕ ਸੰਸਥਾਵਾਂ ਦਾ, ਮੁਸਲਮਾਨਾਂ, ਦੇਸ਼ ਦੇ ਬਹੁਰੰਗੇ ਸੱਭਿਆਚਾਰ ਦਾ ਹੀ ਵੈਰੀ ਨਹੀਂ, ਸਗੋਂ ਇਹ ਹਿੰਦੂਆਂ ਦਾ ਵੀ ਦੁਸ਼ਮਣ ਹੈ। ਕਾਮਰੇਡ ਬਰਾੜ ਨੇ ਸਵਾਲ ਕੀਤਾ ਕਿ ਦੇਸ਼ ਦੇ ਲੱਖਾਂ ਕਿਸਾਨ, ਜਿਨ੍ਹਾਂ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਰੋਲਿਆ ਗਿਆ ਕੀ ਉਨ੍ਹਾਂ ਵਿੱਚ ਹਿੰਦੂ ਨਹੀਂ ਸਨ? ਮੋਦੀ ਦੇ ਵੱਖ-ਵੱਖ ਬਿਆਨਾਂ ਦਾ ਜ਼ਿਕਰ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਹਾਰ ਸਾਹਮਣੇ ਦੇਖ ਕੇ ਉਹ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਹਨ। ਕਮਿਊਨਿਸਟ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਗੁਰੂ ਗੋਬਿੰਦ ਸਿੰਘ ਅਤੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਵਿਰਸੇ ਦੇ ਵਾਰਿਸ ਹਨ। ਇਨ੍ਹਾਂ ਚੋਣਾਂ ਵਿੱਚ ਅਸੀਂ ਇਸ ਵਿਚਾਰਧਾਰਾ ਨੂੰ ਲੈ ਕੇ ਲੋਕਾਂ ਵਿੱਚ ਜਾਣਾ ਹੈ। ਭਗਤ-ਸਰਾਭਿਆਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਅਸੀਂ ਪੰਜਾਬ ਵਿੱਚ ਸ਼ਿੱਦਤ ਨਾਲ ਲੜਾਈ ਲੜਾਂਗੇ। ਦੋਵਾਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਨੂੰ ਕਾਮਯਾਬ ਕਰਨ ਦਾ ਹੋਕਾ ਦਿੰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਉਹ ਲੋਕ ਅੰਦੋਲਨਾਂ ਵਿੱਚ ਪਰਖਿਆ ਹੋਇਆ ਕਮਿਊਨਿਸਟ ਹੈ।
ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਚੋਣਾਂ ਜਿੱਥੇ ਕਿਰਤੀ ਵਰਗ ਦਾ ਟੈਸਟ ਹਨ, ਉੱਥੇ ਇਹ ਦੇਸ਼ ਦਾ ਭਵਿੱਖ ਵੀ ਤੈਅ ਕਰਨਗੀਆਂ। ਉਨ੍ਹਾ ਕਿਹਾ ਕਿ ਮੋਦੀ ਨੇ 400 ਤੋਂ ਪਾਰ ਜਾਣ ਦੇ ਬੜੇ ਦਮਗਜ਼ੇ ਮਾਰੇ, ਪਰ ਜਿਉਂ-ਜਿਉਂ ਚੋਣਾਂ ਅੱਗੇ ਵਧ ਰਹੀਆਂ ਹਨ, ਦਮਗਜ਼ਿਆਂ ਦਾ ਦਮ ਘੁੱਟਦਾ ਜਾ ਰਿਹਾ ਹੈ। ਕਾਮਰੇਡ ਸੇਖੋਂ ਨੇ ਯੂ ਪੀ ਏ ਦੀ ਸਰਕਾਰ ਵੇਲੇ ਕਮਿਊਨਿਸਟਾਂ ਵੱਲੋਂ ਬਣਵਾਏ ਗਏ ਲੋਕ ਹਿੱਤੂ ਕਨੂੰਨਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਚੋਣ ਬਾਂਡਾਂ ਵਿੱਚ ਭਾਜਪਾ ਵੱਲੋਂ ਵੱਡੀ ਪੱਧਰ ’ਤੇ ਵਸੂਲੇ ਗਏ ਪੈਸਿਆਂ ਦੀ ਗੱਲ ਕਰਦਿਆਂ ਕਮਿਊਨਿਸਟ ਆਗੂ ਨੇ ਕਿਹਾ ਕਿ ਕਮਿਊਨਿਸਟ ਧਿਰਾਂ ਹੀ ਸਨ, ਜਿਨ੍ਹਾਂ ਨੇ ਕਾਰਪੋਰੇਟਾਂ ਕੋਲੋਂ ਕੋਈ ਪੈਸਾ ਨਹੀਂ ਲਿਆ। ਉਨ੍ਹਾ ਕਿਹਾ ਕਿ ਮੋਦੀ ਫਿਰਕੂ ਧਰੁਵੀਕਰਨ ਨੂੰ ਆਧਾਰ ਬਣਾ ਕੇ ਜਿੱਤ ਦੇ ਸੁਪਨੇ ਲੈ ਰਿਹਾ ਹੈ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋਣਗੇ।
ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੀ ਪੀ ਆਈ (ਐੱਮ) ਦੇ ਜ਼ਿਲ੍ਹਾ ਆਗੂ ਸੁਖਪ੍ਰੀਤ ਜੌਹਲ, ਸੁੱਚਾ ਸਿੰਘ ਅਜਨਾਲਾ, ਸੀ ਪੀ ਆਈ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ, ਭੂਪ ਚੰਦ ਚੰਨੋ, ਬਲਬੀਰ ਸਿੰਘ ਜਾਡਲਾ, ਗੁਰਨੇਕ ਸਿੰਘ ਭਜਲ, ਗੁਰਦਰਸ਼ਨ ਸਿੰਘ ਖਾਸਪੁਰ, ਰੂਪ ਬਸੰਤ ਸਿੰਘ ਵੜੈਚ, ਗਿਆਨ ਸਿੰਘ ਸੈਦਪੁਰੀ, ਸਿਕੰਦਰ ਸੰਧੂ, ਰਾਮ ਸਿੰਘ ਨੂਰਪੁਰੀ, ਅਬਦੁਲ ਸਤਾਰ, ਤਰਸੇਮ ਜੰਡਿਆਲਾ, ਮਹਿੰਦਰ ਸਿੰਘ ਘੋੜੇਬਾਹੀ ਅਤੇ ਜਤਿੰਦਰ ਪਾਲ ਸਿੰਘ ਸ਼ਾਮਲ ਸਨ। ਇਸੇ ਦੌਰਾਨ ਕਾਮਰੇਡ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਆਪਣੇ ਨਾਮਜ਼ਦਗੀ ਕਾਗਜ਼ ਸੌਂਪੇ। ਇਸ ਮੌਕੇ ਦੋਵਾਂ ਪਾਰਟੀਆਂ ਦੇ ਸੂਬਾ ਸਕੱਤਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles