ਨਵੀਂ ਦਿੱਲੀ : ਲੋਕ ਸਭਾ ਚੋਣਾਂ ਲਈ ਪੋਲਿੰਗ ਦੇ ਚੌਥੇ ਗੇੜ ’ਚ 96 ਸੀਟਾਂ ’ਤੇ ਸ਼ਾਮ 5 ਵਜੇ ਤੱਕ 62.31 ਫੀਸਦੀ ਪੋਲਿੰਗ ਹੋਈ। ਸਭ ਤੋਂ ਵੱਧ ਪੱਛਮੀ ਬੰਗਾਲ ’ਚ 75.66 ਫੀਸਦੀ ਅਤੇ ਸਭ ਤੋਂ ਘੱਟ 35.75 ਫੀਸਦੀ ਸ੍ਰੀਨਗਰ ਹਲਕੇ ’ਚ ਹੋਈ। ਆਂਧਰਾ ਅਸੰਬਲੀ ਦੀਆਂ ਸਾਰੀਆਂ 175 ਸੀਟਾਂ ਲਈ 67.99 ਫੀਸਦੀ, ਜਦਕਿ ਓਡੀਸ਼ਾ ਅਸੰਬਲੀ ਦੇ ਪਹਿਲੇ ਗੇੜ ’ਚ 28 ਸੀਟਾਂ ਲਈ 62.96 ਫੀਸਦੀ ਵੋਟਾਂ ਪਈਆਂ। ਪੋਲਿੰਗ ਕੁਝ ਵਧ ਸਕਦੀ ਹੈ, ਕਿਉਕਿ ਜਿਹੜੇ ਵੋਟਰ ਬੂਥਾਂ ’ਤੇ ਪੁੱਜ ਚੁੱਕੇ ਸਨ, ਉਨ੍ਹਾਂ ਵੋਟਾਂ ਪਾਉਣੀਆਂ ਸਨ। ਪਿਛਲੀ ਵਾਰ ਚੌਥੇ ਗੇੜ ’ਚ 69.12 ਫੀਸਦੀ ਪੋਲਿੰਗ ਹੋਈ ਸੀ।
ਪਹਿਲੇ ਗੇੜ ’ਚ 66.14, ਦੂਜੇ ਗੇੜ ’ਚ 66.71 ਤੇ ਤੀਜੇ ਗੇੜ ’ਚ 65.68 ਫੀਸਦੀ ਪੋਲਿੰਗ ਹੋਈ ਸੀ। ਪਹਿਲੇ ਤਿੰਨ ਗੇੜਾਂ ਦੌਰਾਨ 283 ਸੀਟਾਂ ’ਤੇ ਵੋਟਿੰਗ ਹੋ ਚੁੱਕੀ ਹੈ। ਇਸ ਗੇੜ ’ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਅਜੈ ਮਿਸ਼ਰਾ ਟੈਣੀ, ਟੀ ਐੱਮ ਸੀ ਦੀ ਮਹੂਆ ਮੋਇਤਰਾ ਅਤੇ ਏ ਆਈ ਐੱਮ ਆਈ ਐੱਮ ਦੇ ਅਸਦ-ਉਦ-ਦੀਨ ਓਵੈਸੀ ਸਮੇਤ ਹੋਰ ਆਗੂਆਂ ਦੀ ਕਿਸਮਤ ਦਾ ਫੈਸਲਾ ਹੋ ਗਿਆ। ਲੋਕ ਸਭਾ ਚੋਣਾਂ ਦੇ ਇਸ ਪੜਾਅ ’ਚ 1,717 ਉਮੀਦਵਾਰ ਮੈਦਾਨ ’ਚ ਸਨ। ਤਿਲੰਗਾਨਾ ਦੀਆਂ ਸਾਰੀਆਂ 17 ਸੀਟਾਂ, ਆਂਧਰਾ ਪ੍ਰਦੇਸ਼ ਦੀਆਂ 25, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ 5, ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 8, ਮਹਾਰਾਸ਼ਟਰ ਦੀਆਂ 11, ਓਡੀਸ਼ਾ ਦੀਆਂ 4, ਪੱਛਮੀ ਬੰਗਾਲ ਦੀਆਂ 8 ਅਤੇ ਜੰਮੂ-ਕਸ਼ਮੀਰ ਦੀ ਇਕ ਸੀਟ ’ਤੇ ਵੋਟਾਂ ਪਈਆਂ। ਇੰਦੌਰ ’ਚ ਕਾਂਗਰਸ ਉਮੀਦਵਾਰ ਅਕਸ਼ੈ ਬਮ ਵੱਲੋਂ ਆਖਰੀ ਮਿੰਟਾਂ ’ਤੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਤੇ ਭਾਜਪਾ ’ਚ ਸ਼ਾਮਲ ਹੋਣ ਕਾਰਨ ਉਥੇ ਮੁਕਾਬਲਾ ਭਾਜਪਾ ਦੇ ਸ਼ੰਕਰ ਲਾਲਵਾਨੀ ਦੇ ਪੱਖ ’ਚ ਇਕਪਾਸੜ ਹੋ ਗਿਆ ਸੀ। ਕਾਂਗਰਸ ਨੇ ਇੰਦੌਰ ਦੇ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਨੋਟਾ ਦਾ ਬਟਨ ਦਬਾਉਣ।
ਘੱਟ ਪੋਲਿੰਗ ਕਾਰਨ ਚਾਰ ਵਾਰ ਸਰਕਾਰਾਂ ਬਦਲ ਚੁੱਕੀਆਂ ਹਨ। 1980 ਵਿਚ ਘੱਟ ਪੋਲਿੰਗ ਕਾਰਨ ਜਨਤਾ ਪਾਰਟੀ ਦੀ ਸਰਕਾਰ ਜਾਂਦੀ ਲੱਗੀ ਸੀ ਤੇ ਕਾਂਗਰਸ ਦੀ ਵਾਪਸੀ ਹੋਈ ਸੀ। 1989 ’ਚ ਪੋਲਿੰਗ ਘਟਣ ਕਰਕੇ ਕਾਂਗਰਸ ਦੀ ਸਰਕਾਰ ਚਲੇ ਗਈ ਸੀ ਤੇ ਵੀ ਪੀ ਸਿੰਘ ਦੀ ਅਗਵਾਈ ’ਚ ਸਰਕਾਰ ਬਣੀ ਸੀ। 1991 ’ਚ ਵੋਟਿੰਗ ਘਟਣ ਨਾਲ ਕਾਂਗਰਸ ਦੀ ਵਾਪਸੀ ਹੋ ਗਈ ਸੀ। 1999 ’ਚ ਪੋਲਿੰਗ ਘਟੀ, ਪਰ ਸੱਤਾ ਪਰਿਵਰਤਨ ਨਹੀਂ ਹੋਇਆ। 2004 ਵਿਚ ਪੋਲਿੰਗ ਘਟਣ ਨਾਲ ਐੱਨ ਡੀ ਏ ਦੀ ਸਰਕਾਰ ਬਣ ਗਈ।





