39.2 C
Jalandhar
Saturday, July 27, 2024
spot_img

ਹਾਕਮਾਂ ਦੀ ਬੁਖਲਾਹਟ

ਲੋਕ ਸਭਾ ਚੋਣਾਂ ਵਿੱਚ ਹਾਰ ਦੇ ਡਰ ਨੇ ਹਾਕਮ ਜਮਾਤ ਨੂੰ ਕੰਬਣੀ ਛੇੜ ਰੱਖੀ ਹੈ। ਉਹ ਏਨੀ ਬੁਖਲਾ ਚੁੱਕੀ ਹੈ ਕਿ ਵਿਰੋਧ ਦਾ ਇੱਕ ਸ਼ਬਦ ਵੀ ਸੁਣਨਾ ਉਸ ਲਈ ਅਸਹਿ ਹੋ ਚੁੱਕਾ ਹੈ। ਇਸ ਸਮੇਂ ਅਜ਼ਾਦ ਪੱਤਰਕਾਰਤਾ ਇਸ ਦਾ ਮੁੱਖ ਨਿਸ਼ਾਨਾ ਹੈ।
ਚੌਥੇ ਗੇੜ ਦੀਆਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਰਾਏਬਰੇਲੀ ਵਿੱਚ ਭਾਜਪਾਈ ਗੁੰਡਿਆਂ ਨੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਪੱਤਰਕਾਰ ਰਾਘਵ ਤਿ੍ਰਵੇਦੀ ਨੂੰ ਹਮਲਾ ਕਰਕੇ ਅਧਮੋਇਆ ਕਰ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਿਹਾ ਸੀ। ਰਾਘਵ ਤਿ੍ਰਵੇਦੀ ਦੀਆਂ ਹਮਲੇ ਸਮੇਂ ਦੀਆਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਸਾਫ਼ ਦਿਸਦਾ ਹੈ ਕਿ ਉਸ ਦੇ ਪਿੰਡੇ ’ਤੇ ਥਾਂ-ਥਾਂ ਸੱਟਾਂ ਦੇ ਨਿਸ਼ਾਨ ਹਨ ਤੇ ਨੱਕ ਵਿੱਚੋਂ ਖੂਨ ਵਗ ਰਿਹਾ ਹੈ। ਇਸ ਘਟਨਾ ਦੇ ਸਾਹਮਣੇ ਆਏ ਵੀਡੀਓ ਵਿੱਚ ਭਾਜਪਾ ਵਰਕਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਦੇਖੇ ਜਾ ਸਕਦੇ ਹਨ।
ਹਸਪਤਾਲ ਵਿੱਚ ਜ਼ਖ਼ਮੀ ਰਾਘਵ ਨੇ ਪੱਤਰਕਾਰਾਂ ਨੂੰ ਦੱਸਿਆ, ਮੈਂ ਅਮਿਤ ਸ਼ਾਹ ਦੀ ਰੈਲੀ ਨੂੰ ਕਵਰ ਕਰ ਰਿਹਾ ਸੀ। ਲੋਕ ਉਠ-ਉਠ ਕੇ ਜਾ ਰਹੇ ਸਨ। ਮੈਂ ਪੁੱਛ ਲਿਆ ਕਿ ਕਿਉਂ ਜਾ ਰਹੇ ਹੋ, ਇਸੇ ਸਵਾਲ ’ਤੇ ਨੇੜੇ ਖੜ੍ਹੇ ਭਾਜਪਾ ਵਾਲਿਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੈਂ ਬਾਹਰ ਕੁਝ ਔਰਤਾਂ ਨਾਲ ਗੱਲ ਕੀਤੀ ਸੀ, ਜਿਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਸਾਨੂੰ ਕਿਉਂ ਲਿਆਂਦਾ ਗਿਆ ਹੈ। ਪ੍ਰਧਾਨ ਜੀ ਨੇ 100 ਰੁਪਏ ਦਿੱਤੇ ਸਨ, ਇਸ ਲਈ ਆ ਗਏ ਹਾਂ।’
ਇਹ ਕੋਈ ਆਮ ਘਟਨਾ ਨਹੀਂ ਹੈ। ਇੱਕ ਪੱਤਰਕਾਰ ਨੂੰ ਉਸ ਸਮੇਂ ਕੁੱਟਿਆ ਗਿਆ, ਜਦੋਂ ਉਹ ਕੇਂਦਰੀ ਗ੍ਰਹਿ ਮੰਤਰੀ ਦੀ ਰੈਲੀ ਨੂੰ ਕਵਰ ਕਰ ਰਿਹਾ ਸੀ। ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਲੋਕਾਂ ਨੂੰ ਸੁਰੱਖਿਆ ਦੇਣ ਦੀ ਹੁੰਦੀ ਹੈ, ਪਰ ਉਸ ਦੇ ਸਾਹਮਣੇ ਹੀ ਇੱਕ ਪੱਤਰਕਾਰ ਨੂੰ ਕੁੱਟਿਆ ਜਾ ਰਿਹਾ ਸੀ। ਇਹ ਘਟਨਾ ਦਿਖਾਉਂਦੀ ਹੈ ਕਿ ਤਾਨਾਸ਼ਾਹੀ ਆਪਣੇ ਨੰਗੇ ਰੂਪ ਵਿੱਚ ਸਾਹਮਣੇ ਆ ਚੁੱਕੀ ਹੈ।
ਭਾਰਤੀ ਰਾਜਨੀਤੀ ਵਿੱਚ ਭਾਜਪਾ ਦਾ ਕਾਲਾ ਚਿਹਰਾ ਚੋਣ ਪ੍ਰਚਾਰ ਦੌਰਾਨ ਸਾਹਮਣੇ ਆ ਚੁੱਕਾ ਹੈ। ਦਿੱਲੀ ਵਿੱਚ ਕੇਜਰੀਵਾਲ ਦੀ ਰਿਹਾਈ ਬਾਰੇ ਜਦੋਂ ‘ਆਜ ਤੱਕ’ ਦੇ ਪੱਤਰਕਾਰ ਨੇ ਅਮਿਤ ਸ਼ਾਹ ਨੂੰ ਸਵਾਲ ਪੁੱਛਿਆ ਤਾਂ ਉਨ੍ਹਾ ਜਿਸ ਤਰ੍ਹਾਂ ਚਿੜ੍ਹ ਕੇ ਜਵਾਬ ਦਿੱਤਾ, ਉਹ ਉਨ੍ਹਾ ਦੀ ਬੁਖਲਾਹਟ ਨੂੰ ਸਾਹਮਣੇ ਲਿਆ ਰਿਹਾ ਸੀ।
ਇਸ ਸਮੇਂ ਪ੍ਰਧਾਨ ਮੰਤਰੀ ਤੇ ਉਸ ਦੀ ਸਰਕਾਰ ਕੰਮ-ਚਲਾਊ ਹੈਸੀਅਤ ਵਿੱਚ ਹੈ। ਇਸ ਦੇ ਬਾਵਜੂਦ ਹਾਕਮਾਂ ਦਾ ਰਵੱਈਆ ਤੇ ਉਨ੍ਹਾਂ ਵੱਲੋਂ ਆਪਣੇ ਵਰਕਰਾਂ ਨੂੰ ਗੁੰਡਾਗਰਦੀ ਦੀ ਦਿੱਤੀ ਗਈ ਛੋਟ ਆਉਣ ਵਾਲੇ ਦਿਨਾਂ ਦੌਰਾਨ ਵਾਪਰਨ ਵਾਲੇ ਹਾਲਾਤ ਪ੍ਰਤੀ ਚਿੰਤਾ ਵਧਾਉਂਦੀ ਹੈ। ਇਹ ਦਿਖਾਉਂਦਾ ਹੈ ਕਿ ਜੇਕਰ ਭਾਜਪਾ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਕਿੰਨੀ ਖ਼ਤਰਨਾਕ ਸਾਬਤ ਹੋਵੇਗੀ। ਪ੍ਰਗਟਾਵੇ ਦੀ ਅਜ਼ਾਦੀ ਤਾਂ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ, ਅੱਗੋਂ ਸੜਕ ਤੇ ਇੱਥੋਂ ਤੱਕ ਕਿ ਘਰ ਵਿੱਚ ਬੋਲਣ ਦੀ ਵੀ ਮਨਾਹੀ ਕਰ ਦਿੱਤੀ ਜਾਵੇਗੀ।
ਅਸਲ ਵਿੱਚ ਸੋਸ਼ਲ ਮੀਡੀਆ ਹਮਲਾਵਰ ਹੋ ਕੇ ਚੋਣਾਂ ਵਿੱਚ ਹਿੱਸਾ ਲੈ ਰਿਹਾ ਹੈ, ਉਸ ਨੇ ਭਾਜਪਾ ਆਗੂਆਂ ਨੂੰ ਤੇ੍ਰਲੀਆਂ ਲਿਆ ਦਿੱਤੀਆਂ ਹਨ। ਰਾਏਬਰੇਲੀ ਦੀ ਇਸ ਘਟਨਾ ਰਾਹੀਂ ਸ਼ਾਇਦ ਭਾਜਪਾਈ ਹਾਕਮ ਸੋਸ਼ਲ ਮੀਡੀਆ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ ਜੇਕਰ ਇਸੇ ਤਰ੍ਹਾਂ ਖੁੱਲ੍ਹ ਕੇ ਸੱਚ ਬੋਲਦੇ ਰਹੇ ਤਾਂ ਬਾਕੀਆਂ ਦਾ ਹਾਲ ਵੀ ਰਾਘਵ ਵਰਗਾ ਹੋਵੇਗਾ। ਇਸ ਸਮੇਂ ਭਾਜਪਾ ਪੂਰੇ ਸੋਸ਼ਲ ਮੀਡੀਆ ਵਿੱਚੋਂ ਬਾਹਰ ਹੋ ਚੁੱਕੀ ਹੈ। ਗੋਦੀ ਮੀਡੀਆ ਦਾ ਲੋਕ ਬਾਈਕਾਟ ਕਰ ਰਹੇ ਹਨ। ਇਸ ਹਾਲਤ ਵਿੱਚ ਉੱਠ ਰਹੇ ਸਵਾਲਾਂ ਨੇ ਹਾਕਮਾਂ ਦੀ ਨੀਂਦ ਉਡਾ ਰੱਖੀ ਹੈ।
ਗ੍ਰਹਿ ਮੰਤਰੀ ਦੀ ਹਾਜ਼ਰੀ ਵਿੱਚ ਵਾਪਰੀ ਇਸ ਘਟਨਾ ਨੇ ਦੱਸ ਦਿੰਤਾ ਹੈ ਕਿ ਦੇਸ਼ ਵਿੱਚ ਲੋਕਤੰਤਰ ਦੀ ਥਾਂ ਫਾਸ਼ੀਵਾਦੀ ਨਿਜ਼ਾਮ ਕੰਮ ਕਰ ਰਿਹਾ ਹੈ। ਇਸ ਸਾਰੇ ਕੇਸ ਵਿੱਚ ਚੋਣ ਕਮਿਸ਼ਨ ਨੇ ਬੇਸ਼ਰਮ ਚੁੱਪ ਵੱਟੀ ਹੋਈ ਹੈ। ਉਹ ਨੰਗੇ-ਚਿੱਟੇ ਰੂਪ ਵਿੱਚ ਸੱਤਾ ਦੇ ਗੁਲਾਮਾਂ ਵਾਲੀ ਭੂਮਿਕਾ ਨਿਭਾਅ ਰਿਹਾ ਹੈ। ਇਸ ਸਮੇਂ ਲੋਕ ਜਾਗ ਚੁੱਕੇ ਹਨ। ਚੋਣ ਜਨਤਾ ਲੜ ਰਹੀ ਹੈ। ਜਨਤਾ ਦੀ ਤਾਕਤ ਹੀ ਫਾਸ਼ੀਵਾਦੀ ਹਾਕਮਾਂ ਦੇ ਅੰਤ ਦਾ ਕਾਰਨ ਬਣੇਗੀ।

Related Articles

LEAVE A REPLY

Please enter your comment!
Please enter your name here

Latest Articles