39.2 C
Jalandhar
Saturday, July 27, 2024
spot_img

ਵੋਟ ਬਦਲੇ ਨੋਟ

ਸੋਮਵਾਰ ਆਂਧਰਾ ਪ੍ਰਦੇਸ਼ ਵਿਚ ਵਿਧਾਨ ਸਭਾ ਦੀਆਂ 175 ਸੀਟਾਂ ਤੇ ਲੋਕ ਸਭਾ ਦੀਆਂ 25 ਸੀਟਾਂ ਲਈ ਪੋਲਿੰਗ ਤੋਂ ਪਹਿਲਾਂ ਕਈ ਥਾਵਾਂ ’ਤੇ ਅਜੀਬ ਪ੍ਰਦਰਸ਼ਨ ਦੇਖਣ ਨੂੰ ਮਿਲੇ, ਜਿਨ੍ਹਾਂ ਸਿਆਸਤਦਾਨਾਂ ਵੱਲੋਂ ਚੋਣਾਂ ਨੂੰ ਧੰਦਾ ਬਣਾਉਣ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕੁਝ ਲੋਕਾਂ ਨੇ ਵੋਟ ਦੇ ਬਦਲੇ ਇਕ ਹਜ਼ਾਰ ਰੁਪਏ ਤੋਂ ਲੈ ਕੇ ਛੇ ਹਜ਼ਾਰ ਰੁਪਏ ਤੱਕ ਮੰਗੇ। ਪਾਲਨਾਡੂ ਦੇ ਸੱਤੇਨਾਪੱਲੀ ਵਿਚ ਲੋਕਾਂ ਨੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੈਸਿਆਂ ਦਾ ਵਾਅਦਾ ਕੀਤਾ ਗਿਆ ਸੀ, ਪਰ ਦਿੱਤੇ ਨਹੀਂ। ਪਿਥਾਪੁਰਮ ਵਿਚ ਵੀ ਇਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਇਕ ਆਗੂ ਦੇ ਚੋਣ ਦਫਤਰ ਅੱਗੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪੰਜ-ਪੰਜ ਹਜ਼ਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਕੁਝ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲਿਆ। ਹਾਲਾਤ ਵਿਗੜਨ ’ਤੇ ਪੁਲਸ ਸੱਦਣੀ ਪਈ। ਓਂਗੋਲ ਵਿਚ ਇਕ ਵੋਟ ਬਦਲੇ ਪੰਜ ਹਜ਼ਾਰ ਰੁਪਏ ਦੇ ਹਿਸਾਬ ਨਾਲ ਪੈਸੇ ਵੰਡੇ ਗਏ। ਜਿਨ੍ਹਾਂ ਨੂੰ ਨਹੀਂ ਮਿਲੇ ਉਨ੍ਹਾਂ ਐਤਵਾਰ ਪ੍ਰਦਰਸ਼ਨ ਕੀਤਾ। ਪੂਰਬੀ ਗੋਦਾਵਰੀ ਦੇ ਕੋਂਡੇਵਰਮ ਪਿੰਡ ਵਿਚ ਵੀ ਕਾਫੀ ਲੋਕਾਂ ਨੇ ਪੈਸੇ ਨਾ ਮਿਲਣ ’ਤੇ ਪ੍ਰਦਰਸ਼ਨ ਕੀਤਾ। ਵਿਜੇਵਾੜਾ ਵਿਚ ਕੁਝ ਕੌਂਸਲਰਾਂ ਨੇ ਆਪਣੇ ਦਫਤਰਾਂ ਵਿਚ ਪੈਸੇ ਵੰਡੇ। ਜਿਨ੍ਹਾਂ ਉਮੀਦਵਾਰਾਂ ਕੋਲ ਦਫਤਰ ਵਗੈਰਾ ਦੀ ਵਿਵਸਥਾ ਨਹੀਂ ਸੀ, ਉਨ੍ਹਾਂ ਦੇ ਬੰਦਿਆਂ ਨੇ ਲੋਕਾਂ ਨੂੰ ਖਾਸ ਥਾਂ ’ਤੇ ਸੱਦ ਕੇ ਪੈਸੇ ਦਿੱਤੇ। ਅਮਰਾਵਤੀ ਦੇ ਇਕ ਦੁਕਾਨਦਾਰ ਨੇ ਦੱਸਿਆ ਕਿ ਕਿਸੇ ਉਮੀਦਵਾਰ ਨੂੰ ਜਦੋਂ ਵਿਰੋਧੀ ਵੱਲੋਂ ਵੰਡੇ ਪੈਸਿਆਂ ਦਾ ਪਤਾ ਲੱਗ ਜਾਂਦਾ ਸੀ ਤਾਂ ਉਹ ਰੇਟ 500 ਰੁਪਏ ਵਧਾ ਦਿੰਦਾ ਸੀ। ਅਜਿਹਾ ਨਹੀਂ ਕਿ ਝੌਂਪੜੀਆਂ, ਝੁੱਗੀਆਂ ਵਿਚ ਰਹਿਣ ਵਾਲਿਆਂ ਨੇ ਪੈਸੇ ਲਏ, ਉੱਤਰੀ ਆਂਧਰਾ ਵਿਚ ਤਾਂ ਅਪਾਰਟਮੈਂਟ, ਗਰੁੱਪ ਹਾਊਸਿੰਗ ਸੁਸਾਇਟੀਆਂ ਵਿਚ ਰਹਿਣ ਵਾਲਿਆਂ ਨੇ ਵੋਟ ਬਦਲੇ ਆਪਣੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਰੀਏ ਜਨਰੇਟਰ, ਸੋਲਰ ਸਿਸਟਮ ਤੇ ਸੜਕਾਂ ਆਦਿ ਦੀ ਮੰਗ ਕੀਤੀ।
ਵਾਅਦੇ ਮੁਤਾਬਕ ਪੈਸੇ ਲੈਣ ਲਈ ਪ੍ਰਦਰਸ਼ਨ ਸ਼ਰੇਆਮ ਹੋਏ, ਪਰ ਅਜਿਹੀ ਕੋਈ ਖਬਰ ਨਹੀਂ ਆਈ ਕਿ ਚੋਣ ਕਮਿਸ਼ਨ ਨੇ ਕੋਈ ਕਾਰਵਾਈ ਕੀਤੀ। ਚੋਣਾਂ ਤੋਂ ਕਈ ਹਫਤੇ ਪਹਿਲਾਂ ਚੋਣ ਕਮਿਸ਼ਨ ਦੀਆਂ ਟੀਮਾਂ ਘੰੁਮਣ ਲੱਗ ਜਾਂਦੀਆਂ ਹਨ। ਵਪਾਰੀਆਂ ਤੋਂ ਲੱਖਾਂ ਰੁਪਏ ਫੜ ਕੇ ਦੱਸਿਆ ਜਾਂਦਾ ਹੈ ਕਿ ਏਨੇ ਪੈਸੇ ਫੜ ਲਏ, ਹਾਲਾਂਕਿ ਉਹ ਬਾਅਦ ਵਿਚ ਕਾਨੂੰਨੀ ਸਾਬਤ ਹੁੰਦੇ ਹਨ, ਪਰ ਵੋਟਾਂ ਬਦਲੇ ਨੋਟ ਵੰਡਣ ਵਾਲੇ ਪਾਸੇ ਚੋਣ ਕਮਿਸ਼ਨ ਦਾ ਧਿਆਨ ਘੱਟ ਹੀ ਜਾਂਦਾ ਹੈ। ਜਮਹੂਰੀਅਤ ਨੂੰ ਖੋਰਾ ਲਾਉਣ ਵਾਲੀ ਇਹ ਬਿਮਾਰੀ ਵਧਦੀ ਜਾ ਰਹੀ ਹੈ, ਪਰ ਇਸ ਦਾ ਇਲਾਜ ਨਹੀਂ ਹੋ ਰਿਹਾ।

Related Articles

LEAVE A REPLY

Please enter your comment!
Please enter your name here

Latest Articles