ਬਠਿੰਡਾ/ਤਲਵੰਡੀ ਸਾਬੋ (ਪਰਵਿੰਦਰ ਜੀਤ ਸਿੰਘ/ਜਗਦੀਪ ਗਿੱਲ)-ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਰਾਈਆ ਵਿਖੇ ਪੰਚਾਇਤੀ ਜ਼ਮੀਨ ਦੀ ਪਾਣੀ ਦੀ ਵਾਰੀ ਨੂੰ ਲੈ ਕੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ | ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਖੁਸ਼ਦੀਪ ਸਿੰਘ ਨੇ ਦੱਸਿਆ ਕਿ ਹਰਿਆਣਾ ਸਰਹੱਦ ਨਾਲ ਲਗਦੇ ਪਿੰਡ ਰਾਈਆ ਪਿੰਡ ਦੀ ਪੰਚਾਇਤੀ ਜ਼ਮੀਨ ਬੀਤੇ ਦਿਨੀਂ ਬੋਲੀ ਰਾਹੀਂ ਅਸੀਂ ਠੇਕੇ ‘ਤੇ ਲੈ ਲਈ ਸੀ ਅਤੇ ਪਾਣੀ ਦੀ ਵਾਰੀ ਲਾਉਣ ਜਦੋਂ ਅਸੀਂ ਉੱਥੇ ਪੁੱਜੇ ਤਾਂ ਪਿੰਡ ਦੇ ਸਾਬਕਾ ਸਰਪੰਚ ਅੰਮਿ੍ਤਪਾਲ ਸਿੰਘ, ਆਮ ਆਦਮੀ ਪਾਰਟੀ ਆਗੂ ਕਿ੍ਪਾਲ ਸਿੰਘ ਉੱਥੇ ਪੁੱਜ ਗਏ ਅਤੇ ਉਨਾਂ ਨੂੰ ਪਾਣੀ ਨਾ ਵੱਢਣ ਦੀ ਚਿਤਾਵਨੀ ਦੇਣ ਲੱਗੇ | ਇਸੇ ਦੌਰਾਨ ਤਕਰਾਰ ਵਿੱਚ ਉਕਤ ਧਿਰ ਨੇ ਫਾਇੰਰਿੰਗ ਕਰ ਦਿੱਤੀ ਜਿਸ ਦੇ ਚਲਦਿਆਂ ਨੌਜਵਾਨ ਕਿਸਾਨ ਭੁੱਚਰ ਸਿੰਘ (25) ਦੇ ਦੋ ਗੋਲੀਆਂ ਲੱਗੀਆਂ | ਉਸਨੂੰ ਤੁਰੰਤ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਦਲਜੀਤ ਸਿੰਘ ਘਟਨਾ ਸਥਾਨ ‘ਤੇ ਪੁੱਜੇ ਤੇ ਪੁਲਸ ਨੇ ਮਿ੍ਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭਿਜਵਾਈ |