ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਨੇ ਇਜ਼ਰਾਈਲੀ ਅਧਿਕਾਰੀਆਂ ਨੂੰ ਦੱਖਣੀ ਗਾਜ਼ਾ ’ਚ ਹਮਲੇ ਦਾ ਸ਼ਿਕਾਰ ਹੋਏ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਵਾਹਨ ਦੀ ਹਰਕਤ ਬਾਰੇ ਅਗਾਊਂ ਸੂਚਿਤ ਕੀਤਾ ਸੀ। ਹਮਲੇ ’ਚ ਭਾਰਤੀ ਫੌਜ ਦੇ ਸਾਬਕਾ ਕਰਨਲ ਵੈਭਵ ਕਾਲੇ ਦੀ ਮੌਤ ਹੋ ਗਈ ਸੀ। ਕਰਨਲ ਕਾਲੇ ਦੋ ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਸੇਵਾਵਾਂ ’ਚ ਸ਼ਾਮਲ ਹੋਏ ਸਨ। ਇਜ਼ਰਾਈਲ-ਹਮਾਸ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਫਲਸਤੀਨੀ ਖੇਤਰ ’ਚ ਕਿਸੇ ਭਾਰਤੀ ਅਤੇ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਕਰਮਚਾਰੀ ਦੀ ਇਹ ਪਹਿਲੀ ਮੌਤ ਹੈ। ਸੰਯੁਕਤ ਰਾਸ਼ਟਰ ਦੇ ਨਿਸ਼ਾਨ ਵਾਲੀ ਚਿੱਟੀ ਕਾਰ ਦੇ ਵੀਡੀਓ ਫੁਟੇਜ਼ ’ਚ ਇਸ ਦੀ ਵਿੰਡਸਕ੍ਰੀਨ ’ਤੇ ਗੋਲੀ ਲੱਗੀ ਦਿਖਾਈ ਦੇ ਰਹੀ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਕਿਹਾ-ਸੰਯੁਕਤ ਰਾਸ਼ਟਰ ਇਜ਼ਰਾਈਲੀ ਅਧਿਕਾਰੀਆਂ ਨੂੰ ਆਪਣੇ ਸਾਰੇ ਕਾਫਲਿਆਂ ਦੀਆਂ ਗਤੀਵਿਧੀਆਂ ਬਾਰੇ ਸੂਚਿਤ ਕਰਦਾ ਹੈ। ਕੱਲ੍ਹ ਵੀ ਅਸੀਂ ਉਨ੍ਹਾਂ ਨੂੰ ਸੂਚਿਤ ਕੀਤਾ ਸੀ। ਇਹ ਸੰਯੁਕਤ ਰਾਸ਼ਟਰ ਦਾ ਵਾਹਨ ਸੀ। ਦੂਜੇ ਪਾਸੇ ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਸ ਨੂੰ ਵਾਹਨ ਦੇ ਰੂਟ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।


