ਛਤਰਪਤੀ ਸੰਭਾਜੀ ਨਗਰ : ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ‘ਚ ਪੁਲਸ ਨੇ ਭਿ੍ਸ਼ਟਾਚਾਰ ਦੇ ਕੇਸ ‘ਚ ਮੁਲਜ਼ਮ ਪੁਲਸ ਇੰਸਪੈਕਟਰ ਹਰੀਭਾਊ ਖਾੜੇ (52) ਦੇ ਘਰੋਂ 1.08 ਕਰੋੜ ਰੁਪਏ ਅਤੇ 72 ਲੱਖ ਰੁਪਏ ਦਾ ਸੋਨਾ ਤੇ ਗਹਿਣੇ ਬਰਾਮਦ ਕੀਤੇ ਹਨ |
ਖਾੜੇ ਨੂੰ 15 ਮਈ ਨੂੰ ਮੁਲਜ਼ਮ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਉਹ ਫਰਾਰ ਹੈ | ਭਿ੍ਸ਼ਟਾਚਾਰ ਰੋਕੂ ਬਿਊਰੋ (ਏ ਸੀ ਬੀ) ਨੇ ਖਾੜੇ ਅਤੇ ਦੋ ਹੋਰਾਂ ਖਿਲਾਫ ਸ਼ਿਕਾਇਤਕਰਤਾ ਨੂੰ ਕਿਸੇ ਮਾਮਲੇ ਵਿਚ ਮੁਲਜ਼ਮ ਨਾ ਬਣਾਉਣ ਲਈ ਕਥਿਤ ਤੌਰ ‘ਤੇ 1 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ | ਮੁਲਜ਼ਮਾਂ ਨੇ ਬਾਅਦ ‘ਚ ਆਪਣੀ ਮੰਗ ਘਟਾ ਕੇ 30 ਲੱਖ ਰੁਪਏ ਕਰ ਦਿੱਤੀ | ਏ ਸੀ ਬੀ ਨੇ ਸਭ ਤੋਂ ਪਹਿਲਾਂ ਮੁਲਜ਼ਮ ਕੁਸਕ ਜੈਨ (29) ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ | ਵਾਰੰਟ ਮਿਲਣ ਤੋਂ ਬਾਅਦ ਪੁਲਸ ਨੇ ਬੀਡ ਦੇ ਚਾਣਕਿਆਪੁਰੀ ਇਲਾਕੇ ‘ਚ ਖਾੜੇ ਦੇ ਘਰ ਦੀ ਤਲਾਸ਼ੀ ਲਈ ਅਤੇ 1.08 ਕਰੋੜ ਰੁਪਏ ਨਕਦ, 970 ਗ੍ਰਾਮ ਸੋਨੇ ਦੇ ਬਿਸਕੁਟ, 72 ਲੱਖ ਰੁਪਏ ਦੇ ਗਹਿਣੇ ਅਤੇ 5.5 ਕਿਲੋ ਚਾਂਦੀ ਜ਼ਬਤ ਕੀਤੀ | ਖਾੜੇ ਦੇ ਚਾਰ ਫਲੈਟਾਂ ਅਤੇ ਇਕ ਦੁਕਾਨ ਨਾਲ ਸੰਬੰਧਤ ਜਾਇਦਾਦ ਦੇ ਦਸਤਾਵੇਜ਼ ਵੀ ਜ਼ਬਤ ਕੀਤੇ ਹਨ |