ਨਵੀਂ ਦਿੱਲੀ : ਆਮ ਆਦਮੀ ਪਾਰਟੀ ਤੇ ਇਸਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਵਿਚਾਲੇ ਸ਼ਬਦੀ ਜੰਗ ਸ਼ੁੱਕਰਵਾਰ ਵੱਧ ਗਈ ਜਦੋਂ ਮਾਲੀਵਾਲ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਉਨ੍ਹਾ ਦੇ ਸਟਾਫ ਨਾਲ ਬਹਿਸਬਾਜ਼ੀ ਦੀ ਵੀਡੀਓ ਵਾਇਰਲ ਹੋ ਗਈ | ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਨਵੀਂ ਵੀਡੀਓ ‘ਚ ਸਾਫ ਦਿਸ ਰਿਹਾ ਹੈ ਕਿ ਮਾਲੀਵਾਲ ਨੇ ਐਫ ਆਈ ਆਰ ਵਿਚ ਜੋ ਦੋਸ਼ ਲਾਏ ਹਨ, ਉਹ ਬਿਲਕੁਲ ਗਲਤ ਹਨ | ਵੀਡੀਓ ‘ਚ ਸਾਫ ਦਿਸ ਰਿਹਾ ਹੈ ਕਿ ਮਾਲੀਵਾਲ ਮੁੱਖ ਮੰਤਰੀ ਦੀ ਰਿਹਾਇਸ਼ ‘ਚ ਆਰਾਮ ਨਾਲ ਡਰਾਈਾਗ ਰੂਮ ‘ਚ ਬੈਠੀ ਹੈ ਤੇ ਸੁਰੱਖਿਆ ਮੁਲਾਜ਼ਮਾਂ ਤੇ ਬਿਭਵ ਕੁਮਾਰ ਨਾਲ ਉੱਚੀ ਆਵਾਜ਼ ‘ਚ ਗੱਲ ਕਰ ਰਹੀ ਹੈ | ਆਤਿਸ਼ੀ ਨੇ ਕਿਹਾ ਕਿ ਜਦੋਂ ਤੋਂ ਕੇਜਰੀਵਾਲ ਨੂੰ ਅੰਤਰਮ ਜ਼ਮਾਨਤ ਮਿਲੀ ਹੈ, ਭਾਜਪਾ ਪ੍ਰੇਸ਼ਾਨ ਹੋ ਗਈ ਹੈ | ਉਸਨੇ ਸਾਜ਼ਿਸ਼ ਤਹਿਤ ਮਾਲੀਵਾਲ ਨੂੰ 13 ਮਈ ਨੂੰ ਕੇਜਰੀਵਾਲ ਦੀ ਰਿਹਾਇਸ਼ ‘ਤੇ ਭੇਜਿਆ | ਉਸਨੇ ਕੇਜਰੀਵਾਲ ਨੂੰ ਫਸਾਉਣਾ ਸੀ | ਕੇਜਰੀਵਾਲ ਨਹੀਂ ਮਿਲੇ ਤਾਂ ਬਿਭਵ ‘ਤੇ ਦੋਸ਼ ਲਾ ਦਿੱਤੇ | ਸ਼ੁੱਕਰਵਾਰ ਸਾਹਮਣੇ ਆਈ ਵੀਡੀਓ ਵਿਚ ਉਹ ਡਰਾਈਾਗ ਰੂਮ ਵਿਚ ਆਰਾਮ ਨਾਲ ਬੈਠੀ ਨਜ਼ਰ ਆ ਰਹੀ ਹੈ ਤੇ ਪੁਲਸ ਅਧਿਕਾਰੀਆਂ ਨੂੰ ਧਮਕਾ ਰਹੀ ਹੈ | ਉਹ ਬਿਭਵ ਨੂੰ ਵੀ ਧਮਕਾ ਰਹੀ ਹੈ | ਨਾ ਉਸਦੇ ਕਪੜੇ ਪਾਟੇ ਨਜ਼ਰ ਆ ਰਹੇ ਹਨ ਤੇ ਨਾ ਉਸਦੇ ਮੱਥੇ ‘ਤੇ ਸੱਟ ਨਜ਼ਰ ਆ ਰਹੀ ਹੈ | ਆਤਿਸ਼ੀ ਨੇ ਕਿਹਾ ਮਾਲੀਵਾਲ ਬਿਨਾਂ ਅਗਾਊਾ ਸਮਾਂ ਲਏ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪੁੱਜੀ ਸੀ | ਉਸਦਾ ਇਰਾਦਾ ਕੇਜਰੀਵਾਲ ਨੂੰ ਬਦਨਾਮ ਕਰਨ ਦਾ ਸੀ | ਇਸੇ ਦੌਰਾਨ ਮਾਲੀਵਾਲ ਨੇ ਐਕਸ ‘ਤੇ ਪੋਸਟ ‘ਚ ਲਿਖਿਆ ਹੈ—ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਸਿਆਸੀ ਹਿੱਟਮੈਨ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ | ਆਪਣੇ ਲੋਕਾਂ ਤੋਂ ਟਵੀਟ ਕਰਵਾ ਕੇ ਅਤੇ ਅੱਧੀ ਵੀਡੀਓ ਨੂੰ ਬਿਨਾਂ ਸੰਦਰਭ ਤੋਂ ਚਲਾ ਕੇ ਇਸ ਨੂੰ ਲੱਗਦਾ ਹੈ ਕਿ ਇਹ ਅਪਰਾਧ ਕਰਕੇ ਆਪਣੇ ਆਪ ਨੂੰ ਬਚਾਅ ਲਏਗਾ | ਕੀ ਕੋਈ ਕਿਸੇ ਨੂੰ ਕੁੱਟਣ ਦੀ ਵੀਡੀਓ ਬਣਾਉਂਦਾ ਹੈ? ਘਰ ਅਤੇ ਕਮਰੇ ਦੇ ਅੰਦਰ ਲੱਗੇ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਹੁੰਦੇ ਹੀ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ, ਜਿਸ ਹੱਦ ਤੱਕ ਡਿੱਗ ਸਕਦਾ ਹੈ, ਡਿੱਗ ਜਾ, ਪਰਮਾਤਮਾ ਸਭ ਕੁਝ ਦੇਖ ਰਿਹਾ ਹੈ | ਇੱਕ ਨਾ ਇੱਕ ਦਿਨ ਸੱਚਾਈ ਦੁਨੀਆ ਸਾਹਮਣੇ ਆ ਜਾਵੇਗੀ | ਇਹ ਸੱਪਸ਼ਟ ਨਹੀਂ ਹੋ ਸਕਿਆ ਕਿ ਮਾਲੀਵਾਲ ਨੇ ਹਿੱਟਮੈਨ ਕਿਸਨੂੰ ਕਿਹਾ ਹੈ | ਮਾਲੀਵਾਲ ਵੱਲੋਂ ਪੁਲਸ ਕੋਲ ਲਿਖਾਈ ਐੱਫ ਆਈ ਆਰ ਅਨੁਸਾਰ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੇ ਉਸਨੂੰ ਕਈ ਵਾਰ ਲੱਤਾਂ ਮਾਰੀਆਂ ਅਤੇ ਥੱਪੜ ਮਾਰੇ | ਉਹ ਮਦਦ ਲਈ ਲਗਾਤਾਰ ਰੌਲਾ ਪਾਉਂਦੀ ਰਹੀ | ਦਿੱਲੀ ਪੁਲਸ ਨੇ ਵੀਰਵਾਰ ਨੂੰ ਐੱਫ ਆਈ ਆਰ ਦਰਜ ਕੀਤੀ ਅਤੇ ਬਿਭਵ ਕੁਮਾਰ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ | ਐੱਫ ਆਈ ਆਰ ‘ਚ ਕਿਹਾ ਗਿਆ ਹੈ ਕਿ ਮਾਲੀਵਾਲ ਮਦਦ ਲਈ ਲਗਾਤਾਰ ਚੀਕ ਰਹੀ ਸੀ ਪਰ ਬਿਭਵ ਕੁਮਾਰ ਉਸ ਦੀ ਛਾਤੀ, ਪੇਟ ਅਤੇ ਉਸ ਦੇ ਸਰੀਰ ਦੇ ਹੇਠਲੇ ਹਿੱਸਿਆਂ ‘ਚ ਲੱਤਾਂ ਮਾਰਦਾ ਰਿਹਾ | ਆਪਣੀ ਸ਼ਿਕਾਇਤ ਵਿਚ ਮਾਲੀਵਾਲ ਨੇ ਕਿਹਾ ਕਿ ਮੁਲਜ਼ਮ ਨੇ ਉਸ ‘ਤੇ ਪੂਰੀ ਤਾਕਤ ਨਾਲ ਵਾਰ-ਵਾਰ ਹਮਲਾ ਕੀਤਾ ਅਤੇ ਉਸ ਦੇ ਸੱਤ-ਅੱਠ ਥੱਪੜ ਮਾਰੇ |
ਉਧਰ, ਭਾਜਪਾ ਮਹਿਲਾ ਮੋਰਚਾ ਦੀ ਦਿੱਲੀ ਇਕਾਈ ਨੇ ਮਾਲੀਵਾਲ ਨਾਲ ਕਥਿਤ ਬਦਸਲੂਕੀ ਦੇ ਮਾਮਲੇ ‘ਚ ਸ਼ੁੱਕਰਵਾਰ ਸਵੇਰੇ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ |


