ਨਵੀਂ ਦਿੱਲੀ : ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਆਪ ਦੇ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਸਾਂਸਦਾਂ, ਵਿਧਾਇਕਾਂ ਤੇ ਆਗੂਆਂ ਨੇ ਐਤਵਾਰ ਆਪ ਦਫਤਰ ਤੋਂ ਭਾਜਪਾ ਦਫਤਰ ਤੱਕ ਜੇਲ੍ਹ ਭਰੋ ਮਾਰਚ ਕੀਤਾ। ਦੋਹਾਂ ਦਫਤਰਾਂ ਦਾ ਫਾਸਲਾ 800 ਮੀਟਰ ਦਾ ਹੈ। ਪੁਲਸ ਨੇ ਏਨੇ ਸਖਤ ਪ੍ਰਬੰਧ ਕੀਤੇ ਸਨ ਕਿ ਮਾਰਚਕਾਰੀ ਬਹੁਤੀ ਦੂਰ ਨਹੀਂ ਜਾ ਸਕੇ। ਪੁਲਸ ਨੇ ਕੁਝ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਬਾਅਦ ਵਿਚ ਛੱਡ ਦਿੱਤਾ। ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਕੇਂਦਰੀ ਏਜੰਸੀਆਂ ਕਦੇ ਕਿਸੇ ਆਗੂ ਨੂੰ ਫੜ ਲੈਂਦੀਆਂ ਹਨ ਤੇ ਕਦੇ ਕਿਸੇ ਆਗੂ ਨੂੰ। ਇਸ ਕਰਕੇ ਉਹ ਸਾਰੇ ਆਗੂਆਂ ਨੂੰ ਲੈ ਕੇ ਭਾਜਪਾ ਦਫਤਰ ਵੱਲ ਜਾਣਗੇ, ਤਾਂ ਜੋ ਇੱਕੋ ਵਾਰ ਸਭ ਨੂੰ ਫੜ ਲੈਣ।
ਕੇਜਰੀਵਾਲ ਨੇ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਪਾਰਟੀ ਦਫਤਰ ’ਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਕੁਚਲਣ ਲਈ ‘ਅਪਰੇਸ਼ਨ ਝਾੜੂ’ ਸ਼ੁਰੂ ਕੀਤਾ ਹੈ, ਕਿਉਂਕਿ ਉਹ ‘ਆਪ’ ਨੂੰ ਚੁਣੌਤੀ ਵਜੋਂ ਦੇਖਦੀ ਹੈ। ਉਨ੍ਹਾ ਕਿਹਾ ਕਿ ਅੱਗੇ ਵੱਡੀਆਂ ਚੁਣੌਤੀਆਂ ਆਉਣਗੀਆਂ। ਉਨ੍ਹਾ ਕਾਰਕੁਨਾਂ ਨੂੰ ਇਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਕੇਜਰੀਵਾਲ ਨੇ ਕਿਹਾਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੀ ਵਧਦੀ ਹਰਮਨਪਿਆਰਤਾ ਤੋਂ ਚਿੰਤਤ ਹਨ। ਪਾਰਟੀ ਕਾਫੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਆਉਣ ਵਾਲੇ ਸਮੇਂ ’ਚ ਸਾਡੇ ਬੈਂਕ ਖਾਤਿਆਂ ’ਚੋਂ ਲੈਣ-ਦੇਣ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ, ਸਾਡੇ ਦਫਤਰ ਵੀ ਖੋਹ ਲਏ ਜਾਣਗੇ ਅਤੇ ਅਸੀਂ ਸੜਕਾਂ ’ਤੇ ਆ ਜਾਵਾਂਗੇ।