ਰਾਏਪੁਰ : ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ’ਚ ਸੋਮਵਾਰ ਪਿਕਅੱਪ ਦੇ ਖੱਡ ’ਚ ਡਿੱਗਣ ਕਾਰਨ 18 ਔਰਤਾਂ ਤੇ ਇੱਕ ਪੁਰਸ਼ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ। ਪਿਕਅੱਪ ਸਵਾਰ ਜੰਗਲ ਵਿਚਲਾ ਕੰਮ ਮੁਕਾ ਕੇ ਪਰਤ ਰਹੇ ਸਨ। ਗੱਡੀ ਸੜਕ ਤੋਂ ਫਿਸਲ ਕੇ ਖੱਡ ’ਚ ਜਾ ਡਿੱਗੀ।
ਚੀਨ ਤਾਇਵਾਨ ਨੂੰ ਧਮਕੀਆਂ ਨਾ ਦੇਵੇ : ਲਾਈ
ਤਾਇਪੇ : ਤਾਇਵਾਨ ਦੇ ਨਵੇਂ ਰਾਸ਼ਟਰਪਤੀ ਲਾਈ ਚਿੰਗ-ਤੇ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ’ਚ ਚੀਨ ਨੂੰ ਅਪੀਲ ਕੀਤੀ ਕਿ ਉਹ ਸਵੈ-ਸ਼ਾਸਤ ਉਨ੍ਹਾ ਦੇ ਮੁਲਕ ਨੂੰ ਫੌਜੀ ਧਮਕੀਆਂ ਨਾ ਦੇਵੇ। ਚੀਨ ਨੇ ਤਾਇਵਾਨ ’ਤੇ ਆਪਣੇ ਦਾਅਵੇ ਦਾ ਐਲਾਨ ਕੀਤਾ ਹੈ। ਲਾਈ ਨੇ ਇਸ ਸਾਲ ਦੇ ਸ਼ੁਰੂ ਵਿਚ ਚੋਣ ਜਿੱਤਣ ਤੋਂ ਬਾਅਦ ਸੋਮਵਾਰ ਅਹੁਦੇ ਦੀ ਸਹੁੰ ਚੁੱਕੀ। ਉਹ ਉਦਾਰਵਾਦੀ ਨੇਤਾ ਮੰਨੇ ਜਾਂਦੇ ਹਨ, ਜਿਨ੍ਹਾ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਚੀਨ ਦੇ ਵਿਰੁੱਧ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਤਾਇਵਾਨ ਦੀ ਸੁਤੰਤਰਤਾ ਨੀਤੀ ਨੂੰ ਜਾਰੀ ਰੱਖਣਗੇ।
ਮੁੰਡੇ-ਕੁੜੀ ਵੱਲੋਂ ਖੁਦਕੁਸ਼ੀ
ਬਲਰਾਮਪੁਰ : ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਦੇ ਰਾਜਪੁਰ ਥਾਣਾ ਖੇਤਰ ਦੇ ਪਿੰਡ ਧੰਧਾਪੁਰ ’ਚ 15 ਸਾਲਾ ਕੁੜੀ ਅਤੇ 17 ਸਾਲਾ ਮੁੰਡੇ ਦੀਆਂ ਲਾਸ਼ਾਂ ਨਦੀ ਦੇ ਕੰਢੇ ਇਕ ਦਰੱਖਤ ਨਾਲ ਲਟਕਦੀਆਂ ਮਿਲੀਆਂ। ਕੁੜੀ 10ਵੀਂ ਦੀ ਵਿਦਿਆਰਥਣ ਸੀ। ਮੁੰਡਾ ਪਿੰਡ ਬਘੀਮਾ ਦਾ ਰਹਿਣ ਵਾਲਾ ਸੀ ਅਤੇ ਆਪਣੀ ਭੂਆ ਦੇ ਘਰ ਰਹਿੰਦਾ ਸੀ। ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਦੋਵੇਂ ਪਿਛਲੇ ਕੁਝ ਸਮੇਂ ਤੋਂ ਇਕ-ਦੂਜੇ ਨੂੰ ਜਾਣਦੇ ਸਨ ਅਤੇ ਕੁੜੀ ਦੇ ਪਰਵਾਰਕ ਮੈਂਬਰ ਉਨ੍ਹਾਂ ਦੇ ਰਿਸ਼ਤੇ ਤੋਂ ਨਾਰਾਜ਼ ਸਨ।
ਨਵੇਂ ਫੌਜਦਾਰੀ ਕਾਨੂੰਨਾਂ ਖਿਲਾਫ ਪਟੀਸ਼ਨ ’ਤੇ ਸੁਣਵਾਈ ਤੋਂ ਨਾਂਹ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਨਵੇਂ ਬਣਾਏ ਅਪਰਾਧਿਕ ਕਾਨੂੰਨਾਂ ਨੂੰ ਚੁਣੌਤੀ ਦੇਣ ਵਾਲੀ ਜਨਹਿੱਤ ਪਟੀਸ਼ਨ ’ਤੇ ਸੋਮਵਾਰ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਕਾਨੂੰਨ ਇਸ ਸਾਲ 1 ਜੁਲਾਈ ਤੋਂ ਭਾਰਤੀ ਦੰਡਾਵਲੀ 1860, ਭਾਰਤੀ ਸਬੂਤ ਐਕਟ 1872 ਅਤੇ ਅਪਰਾਧਿਕ ਪ੍ਰਕਿਰਿਆ ਕੋਡ 1973 ਦੀ ਥਾਂ ਲੈਣਗੇ। ਜਸਟਿਸ ਬੇਲਾ ਐੱਮ ਤਿ੍ਰਵੇਦੀ ਅਤੇ ਜਸਟਿਸ ਪੰਕਜ ਮਿਥਲ ਦੀ ਬੈਂਚ ਨੇ ਤਿੰਨ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਤੋਂ ਇਨਕਾਰ ਕਰਦਿਆਂ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ। ਲੋਕ ਸਭਾ ਨੇ ਪਿਛਲੇ ਸਾਲ 21 ਦਸੰਬਰ ਨੂੰ ਤਿੰਨ ਨਵੇਂ ਬਿੱਲ ਭਾਰਤੀ ਨਿਆਂ (ਦੂਜਾ) ਸਹਿੰਤਾ, ਭਾਰਤੀ ਨਾਗਰਿਕ ਸੁਰੱਕਸ਼ਾ (ਦੂਜਾ) ਸੰਹਿਤਾ ਅਤੇ ਭਾਰਤੀ ਸਬੂਤ (ਦੂਜਾ) ਪਾਸ ਕੀਤੇ ਸਨ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 25 ਦਸੰਬਰ ਨੂੰ ਇਨ੍ਹਾਂ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ।




