ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ’ਚ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ’ਤੇ ਸ਼ਾਮ ਪੰਜ ਵਜੇ ਤੱਕ ਔਸਤਨ 56.68 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਦੇ ਨਾਲ ਹੀ ਓਡੀਸ਼ਾ ਵਿਧਾਨ ਸਭਾ ਦੀਆਂ 35 ਸੀਟਾਂ ’ਤੇ ਵੀ ਵੋਟਿੰਗ ਮੁਕੰਮਲ ਹੋ ਗਈ। ਹੁਣ 543 ਮੈਂਬਰੀ ਲੋਕ ਸਭਾ ਦੀਆਂ 429 ਸੀਟਾਂ ਲਈ ਵੋਟਾਂ ਦਾ ਕੰਮ ਨਿਬੜ ਗਿਆ ਹੈ। 2019 ਵਿਚ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ’ਚ 62.01 ਫੀਸਦੀ ਪੋਲਿੰਗ ਹੋਈ ਸੀ। ਬਿਹਾਰ ਵਿਚ 52.35 ਫੀਸਦੀ, ਜੰਮੂ-ਕਸ਼ਮੀਰ ਦੇ ਬਾਰਾਮੂਲਾ ’ਚ 54.21, ਲੱਦਾਖ ’ਚ 67.15, ਝਾਰਖੰਡ ’ਚ 61.90, ਮਹਾਰਾਸ਼ਟਰ ’ਚ 48.66, ਓਡੀਸ਼ਾ ’ਚ 60.55, ਯੂ ਪੀ ’ਚ 55.80 ਤੇ ਪੱਛਮੀ ਬੰਗਾਲ ’ਚ 73 ਫੀਸਦੀ ਵੋਟਾਂ ਪਈਆਂ। 2019 ਵਿਚ ਬਿਹਾਰ ’ਚ 57.19, ਝਾਰਖੰਡ ’ਚ 65.56, ਮਹਾਰਾਸ਼ਟਰ ’ਚ 55.67, ਓਡੀਸ਼ਾ ’ਚ 67.31, ਯੂ ਪੀ ’ਚ 58.57 ਤੇ ਪੱਛਮੀ ਬੰਗਾਲ ’ਚ 80.13 ਫੀਸਦੀ ਵੋਟਾਂ ਪਈਆਂ ਸਨ। ਯੂ ਪੀ ਦੀ ਰਾਏ ਬਰੇਲੀ ਸੀਟ ’ਤੇ 56.26 ਫੀਸਦੀ ਪੋਲਿੰਗ ਹੋਈ ਜਦਕਿ 2019 ਵਿਚ 56.34 ਫੀਸਦੀ ਹੋਈ ਸੀ। ਇਸੇ ਤਰ੍ਹਾਂ ਅਮੇਠੀ ਵਿਚ 52.68 ਫੀਸਦੀ ਪੋਲਿੰਗ ਹੋਈ ਜਦਕਿ 2019 ਵਿਚ 54.08 ਫੀਸਦੀ ਹੋਈ ਸੀ।
ਪੰਜਵੇਂ ਗੇੜ ਵਿਚ ਯੂ ਪੀ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ-ਲਖਨਊ, ਕੇਂਦਰੀ ਮੰਤਰੀ ਸਿਮਰਤੀ ਈਰਾਨੀ-ਅਮੇਠੀ, ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ-ਮੋਹਨਲਾਲਗੰਜ, ਕੇਂਦਰੀ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ-ਜਲੌਨ, ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜੋਤੀ-ਫਤਿਹਪੁਰ ਅਤੇ ਰਾਹੁਲ ਗਾਂਧੀ-ਰਾਏਬਰੇਲੀ ਵੀ ਮੈਦਾਨ ਵਿਚ ਸਨ। ਯੂ ਪੀ ’ਚ 14 ਲੋਕ ਸਭਾ ਸੀਟਾਂ ਲਈ ਵੋਟਾਂ ਪਈਆਂ।





