ਕਾਠਮੰਡੂ : ਨੇਪਾਲ ਦੇ ਤਜਰਬੇਕਾਰ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ (54) ਨੇ ਬੁੱਧਵਾਰ 30ਵੀਂ ਵਾਰ ਮਾਊਂਟ ਐਵਰੈਸਟ ’ਤੇ ਚੜ੍ਹ ਕੇ ਇਤਿਹਾਸ ਰਚਿਆ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਸਭ ਤੋਂ ਵੱਧ ਵਾਰ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਉਹ ਸਥਾਨਕ ਸਮੇਂ ਅਨੁਸਾਰ ਸਵੇਰੇ 7.49 ਵਜੇ 8,849 ਮੀਟਰ ਉੱਚੀ ਚੋਟੀ ’ਤੇ ਪਹੁੰਚਿਆ। ਉਸ ਨੇ 10 ਦਿਨ ਪਹਿਲਾਂ ਹੀ 12 ਮਈ ਨੂੰ 29ਵੀਂ ਵਾਰ ਐਵਰੈਸਟ ’ਤੇ ਚੜ੍ਹਾਈ ਕੀਤੀ ਸੀ। ਉਸ ਨੇ ਮਈ 1994 ’ਚ ਪਹਿਲੀ ਵਾਰ ਮਾਊਂਟ ਐਵਰੈਸਟ ’ਤੇ ਚੜ੍ਹਾਈ ਕੀਤੀ ਸੀ। ਉਸ ਦਾ ਜਨਮ 17 ਜਨਵਰੀ 1970 ਨੂੰ ਹੋਇਆ ਸੀ।
ਸਾਢੇ 5 ਕਰੋੜ ਦੀ ਅਫੀਮ ਫੜੀ
ਚਾਈਬਾਸਾ : ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ’ਚ ਪੁਲਸ ਨੇ 5.58 ਕਰੋੜ ਰੁਪਏ ਤੋਂ ਵੱਧ ਕੀਮਤ ਦੀ 37.23 ਕੁਇੰਟਲ ਅਫੀਮ ਜ਼ਬਤ ਕੀਤੀ ਹੈ। ਅਫੀਮ ਨਾਲ ਭਰਿਆ ਟਰੱਕ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਚੱਕਰਧਰਪੁਰ ਤੋਂ ਚਾਈਬਾਸਾ ਵੱਲ ਜਾ ਰਿਹਾ ਸੀ। ਜਾਂਚ ਦੌਰਾਨ ਟਰੱਕ ਰੋਕ ਕੇ ਡਰਾਈਵਰ ਅਤੇ ਕਲੀਨਰ ਫਰਾਰ ਹੋ ਗਏ। ਪੁਲਸ ਨੇ 186 ਬੋਰੀਆਂ ’ਚ ਪੈਕ ਕੀਤੀ 3723 ਕਿੱਲੋ ਅਫੀਮ ਤੋਂ ਇਲਾਵਾ ਦੋ ਮੋਬਾਈਲ ਫੋਨ, ਦੋ ਆਧਾਰ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਬਰਾਮਦ ਕੀਤੇ।
ਪੰਜਾਬ ’ਚ ਵੋਟਿੰਗ ਦਾ ਸਮਾਂ ਦੋ ਘੰਟੇ ਵਧਾਉਣ ਦੀ ਮੰਗ
ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸੂਬੇ ’ਚ ਭਿਆਨਕ ਗਰਮੀ ਦੇ ਮੱਦੇਨਜ਼ਰ ਵੋਟਿੰਗ ਦਾ ਸਮਾਂ ਦੋ ਘੰਟੇ ਵਧਾ ਕੇ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕਰਨ ਦੀ ਮੰਗ ਕੀਤੀ ਹੈ। ਦੇਸ਼-ਭਰ ’ਚ ਆਮ ਤੌਰ ’ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੋਲਿੰਗ ਹੁੰਦੀ ਹੈ।


