ਸੈਂਕੜੇ ਨਮ ਅੱਖਾਂ ਨੇ ਦਿੱਤੀ ਰਾਕੇਸ਼ ਸ਼ਰਮਾ ਨੂੰ ਅੰਤਮ ਵਿਦਾਇਗੀ

0
183

ਮੋਗਾ (ਇਕਬਾਲ ਸਿੰਘ ਖਹਿਰਾ)-‘ਨਵਾਂ ਜ਼ਮਾਨਾ’ ਦੇ ਮੋਗਾ ਤੋਂ ਸਾਬਕਾ ਪੱਤਰਕਾਰ ਅਤੇ ਕਮਿਊਨਿਸਟ ਲਹਿਰ ਦੇ ਸਰਗਰਮ ਕਾਰਕੁਨ ਰਹੇ ਰਾਕੇਸ਼ ਸ਼ਰਮਾ ਦੀ ਮੰਗਲਵਾਰ ਹਿਮਾਚਲ ਦੇ ਗਗਰੇਟ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ‘ਨਵਾਂ ਜ਼ਮਾਨਾ’ ਦੇ ਮੈਨੇਜਰ ਰਹੇ ਸਾਥੀ ਕਿ੍ਰਸ਼ਨ ਭਾਰਦਵਾਜ ਦੇ ਦਾਮਾਦ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਾਬਕਾ ਜਨਰਲ ਸਕੱਤਰ ਸਾਥੀ ਗੁਰਮੀਤ ਦੇ ਸਾਂਢੂ ਅਤੇ ਮੋਗਾ ਤੋਂ ਬੰਬੇ ਆਰਟ ਵਾਲੇ ਕਾਮਰੇਡ ਰਕਸ਼ਪਾਲ ਦੇ ਪੁੱਤਰ ਸਨ। ਪਰਵਾਰ ਵਿੱਚ ਉਹ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਹਨ। 62 ਵਰ੍ਹਿਆਂ ਦੇ ਰਾਕੇਸ਼ ਸ਼ਰਮਾ ਨੂੰ ਲੋਕਾਈ ਦੇ ਲਈ ਲਿਖਣ ਅਤੇ ਕੰਮ ਕਰਨ ਦਾ ਜ਼ਿੰਮਾ ਵਿਰਾਸਤ ਵਿੱਚੋਂ ਮਿਲਿਆ। ਉਨ੍ਹਾ ਜਵਾਨੀ ਵਿੱਚ ਹਰੇਕ ਨੂੰ ਵਿੱਦਿਆ ਅਤੇ ਪੱਕੇ ਰੁਜ਼ਗਾਰ ਲਈ ਪੰਜਾਬ ਵਿੱਚ ਚੱਲੀ ‘ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ’ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਮੁਹਿੰਮ ਨੂੰ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੱਕ ਲਿਜਾਣ ਲਈ ਉਨ੍ਹਾਂ ਅਖ਼ਬਾਰਾਂ, ਮੀਟਿੰਗਾਂ, ਪੇਂਟਿੰਗਜ਼ ਰਾਹੀਂ ਵਡਮੁੱਲਾ ਯੋਗਦਾਨ ਪਾਇਆ। ਪੱਤਰਕਾਰ ਤੇ ਚਿੱਤਰਕਾਰ ਕਾਮਰੇਡ ਰਾਕੇਸ਼ ਸ਼ਰਮਾ ਦੀ ਮਿ੍ਰਤਕ ਦੇਹ ’ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ, ਕਾਮਰੇਡ ਗੁਰਮੀਤ, ਕੁਲਦੀਪ ਭੋਲਾ, ਡਾ. ਇੰਦਰਵੀਰ ਗਿੱਲ, ਛੋਟੇ ਭਰਾ ਅਲੋਕ ਸ਼ਰਮਾ ਤੇ ਹੋਰ ਸਾਥੀਆਂ ਵੱਲੋਂ ਕਮਿਊਨਿਸਟ ਪਾਰਟੀ ਦਾ ਲਾਲ ਝੰਡਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਾਬਕਾ ਐੱਸ ਐੱਮ ਓ ਅਤੇ ਰਾਕੇਸ਼ ਦੇ ਦੋਸਤ ਡਾਕਟਰ ਇੰਦਰਵੀਰ ਗਿੱਲ ਨੇ ਦੱਸਿਆ ਕਿ ਉਹ ਸਿਆਸੀ ਅਤੇ ਸਮਾਜਕ ਪੱਖੋਂ ਸੁਚੇਤ ਸ਼ਖਸੀਅਤ ਸੀ, ਜਿਸ ਨੂੰ ਮਿਹਨਤਕਸ਼ ਲੋਕਾਂ ਨਾਲ ਲਗਾਅ ਸੀ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਵਿਤਕਰਿਆਂ ਦੇ ਖ਼ਿਲਾਫ਼ ਸੀ। ਉਹ ਕਲਾ ਦਾ ਸ਼ੌਕੀਨ ਸੀ ਅਤੇ ਸੈਂਕੜੇ ਹੋਰਨਾਂ ਨੂੰ ਆਪਣਾ ਇਹ ਹੁਨਰ ਸਿਖਾਇਆ। ਪੱਤਰਕਾਰ ਸੁਰਿੰਦਰ ਮਾਨ, ਮਹਿੰਦਰ ਸਿੰਘ ਰੱਤੀਆਂ, ਪੱਤਰਕਾਰ ਅਮਜ਼ਦ ਖਾਨ, ਸੁਖਜਿੰਦਰ ਮਹੇਸਰੀ, ਜਗਸੀਰ ਖੋਸਾ, ਸ਼ੇਰ ਸਿੰਘ ਦੌਲਤਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਨਾਲ ਉਹਨਾ ਨੂੰ ਅੰਤਮ ਵਿਦਾਇਗੀ ਦਿੱਤੀ।

LEAVE A REPLY

Please enter your comment!
Please enter your name here