ਸ਼ਾਹਕੋਟ (ਗਿਆਨ ਸੈਦਪੁਰੀ)-‘‘ਦੇਸ਼ ਦੀ ਦੌਲਤ ਦਾ 73 ਫੀਸਦੀ ਹਿੱਸਾ ਇੱਥੋਂ ਦੇ 100 ਪੂੰਜੀਪਤੀਆਂ ਕੋਲ ਹੈ ਤੇ 27 ਫੀਸਦੀ ਬਾਕੀ ਸਾਰੇ ਲੋਕਾਂ ਕੋਲ ਹੈ। ਦੇਸ਼ ਦੇ ਆਰਥਕ ਪਾੜੇ ਦੀ ਇਹ ਭੱਦੀ ਤਸਵੀਰ ਉਸ ਮੋਦੀ ਦੀ ਦੇਣ ਹੈ, ਜਿਸ ਦਾ ਨਾਹਰਾ ਹੈ, ‘ਸਭ ਕਾ ਸਾਥ, ਸਭ ਕਾ ਵਿਕਾਸ’।’’ ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋ ਨੇ ਕੀਤਾ। ਉਹ ਬੁੱਧਵਾਰ ਨੂੰ ਸ਼ਾਹਕੋਟ ਵਿੱਚ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਦੇ ਲੋਕ ਸਭਾ ਹਲਕਾ ਜਲੰਧਰ ਤੋਂ ਸਾਂਝੇ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਦੇ ਹੱਕ ਵਿੱਚ ਹੋਈ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਮੁਲਕ ਵਿੱਚੋਂ ਬੇਰੁਜ਼ਗਾਰੀ ਦੂਰ ਕਰਨ ਤੋਂ ਲੈ ਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੱਕ ਦੇ ਮੋਦੀ ਵੱਲੋਂ ਕੀਤੇ ਅਨੇਕਾਂ ਵਾਅਦਿਆਂ ਵਿੱਚੋਂ ਇੱਕ ਵੀ ਵਫ਼ਾ ਨਹੀਂ ਹੋਇਆ। ਇਹ ਚੋਣਾਂ ਮੋਦੀ ਨਾਲ ਹਿਸਾਬ ਕਰਨ ਦਾ ਮੌਕਾ ਹੈ। ਜੇਕਰ ਹੁਣ ਖੁੰਝ ਗਏ ਤਾਂ ਇਹੋ ਜਿਹਾ ਵੇਲਾ ਸ਼ਾਇਦ ਮੁੜ ਆਵੇ ਹੀ ਨਾ। ਕਮਿਊਨਿਸਟ ਆਗੂ ਨੇ ਇਸ ਗੱਲ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਲੋਕ ਮੋਦੀ ਦੇ ਉਸ ਪਖੰਡ ਨੂੰ ਸਮਝ ਚੁੱਕੇ ਹਨ, ਜਿਸ ਦਾ ਸਹਾਰਾ ਲੈ ਕੇ ਇਸ ਵਾਰ ਚਾਰ ਸੌ ਪਾਰ ਦੀਆਂ ਡੀਂਗਾਂ ਮਾਰੀਆਂ ਗਈਆ ਹਨ। ਉਹਨਾ ਕਿਹਾ ਕਿ ਕੋਰੋਨਾ ਦੇ ਇਲਾਜ ਦੀ ਆੜ ਵਿੱਚ ਕੰਪਨੀਆਂ ਕੋਲ਼ੋਂ 50-50 ਕਰੋੜ ਰੁਪਏ ਲੈ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ। ਇੱਥੇ ਹੀ ਬੱਸ ਨਹੀਂ ਚੋਣ ਬਾਂਡ ਦੇ ਨਾਂਅ ’ਤੇ ਭਾਜਪਾ ਨੇ 8252 ਕਰੋੜ ਰੁਪਏ ਲੈ ਕੇ ਸਭ ਤੋਂ ਵੱਡਾ ਘੁਟਾਲਾ ਕੀਤਾ। ਖੱਬੀਆਂ ਪਾਰਟੀਆਂ ਨੇ ਇੱਕ ਵੀ ਪੈਸਾ ਚੋਣ ਬਾਂਡ ਰਾਹੀਂ ਨਹੀਂ ਲਿਆ, ਜਿਸ ਕਰਕੇ ਸਾਨੂੰ ਸਾਡੀਆਂ ਸਿਆਸੀ ਧਿਰਾਂ ’ਤੇ ਮਾਣ ਹੈ।
ਉਹਨਾ ਪੰਜਾਬ ਵਿੱਚ ਖੱਬੀਆਂ ਧਿਰਾਂ ਦੀ ਤਾਕਤ ਤੇ ਏਕਤਾ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਦੱਸਿਆ ਕਿ ਚਾਰ ਸੀਟਾਂ ’ਤੇ ਘੋਲਾਂ ਵਿੱਚ ਪਰਖੇ ਆਗੂ ਉਮੀਦਵਾਰ ਬਣਾਏ ਗਏ ਹਨ। ਜਲੰਧਰ ਤੋਂ ਸੀ ਪੀ ਆਈ (ਐੱਮ) ਦੇ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ, ਖਡੂਰ ਸਾਹਿਬ ਤੋਂ ਗੁਰਦਿਆਲ ਸਿੰਘ, ਅੰਮਿ੍ਰਤਸਰ ਤੋਂ ਬੀਬੀ ਦਸਵਿੰਦਰ ਕੌਰ ਅਤੇ ਫ਼ਰੀਦਕੋਟ ਤੋਂ ਮਾਸਟਰ ਗੁਰਚਰਨ ਸਿੰਘ ਮਾਨ (ਤਿੰਨੋਂ ਸੀ ਪੀ ਆਈ) ਚੋਣ ਲੜ ਰਹੇ ਹਨ। ਸੀ ਪੀ ਆਈ ਤੇ ਸੀ ਪੀ ਆਈ (ਅੱੈਮ) ਦੇ ਨਾਲ ਹੋਰ ਖੱਬੀਆਂ ਪਾਰਟੀਆਂ ਵੀ ਚੋਣ ਮੁਹਿੰਮ ਵਿੱਚ ਸਾਂਝ ਪਾ ਰਹੀਆਂ ਹਨ। ਮੀਟਿੰਗ ਨੂੰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ, ਕਿਸਾਨ ਆਗੂ ਕੇਵਲ ਸਿੰਘ ਦਾਨੇਵਾਲ, ਲੋਕ ਸਭਾ ਹਲਕਾ ਜਲੰਧਰ ਦੇ ਇੰਚਾਰਜ ਸੁਰਜੀਤ ਸਿੰਘ ਗਗੜਾ, ਸੀ ਪੀ ਆਈ ਜ਼ਿਲ੍ਹਾ ਜਲੰਧਰ ਦੀ ਕਾਰਜਕਾਰਨੀ ਦੇ ਮੈਂਬਰ ਗਿਆਨ ਸਿੰਘ, ਸੀ ਪੀ ਆਈ ਦੇ ਸਥਾਨਕ ਆਗੂ ਰਜਿੰਦਰ ਕੁਮਾਰ, ਸੀ ਪੀ ਆਈ (ਐਮ) ਦੇ ਤਹਿਸੀਲ ਸਕੱਤਰ ਵਰਿੰਦਰਪਾਲ ਕਾਲਾ, ਮੱਖਣ ਸਿੰਘ ਮੀਏਂਵਾਲ ਅਤੇ ਬਚਿੱਤਰ ਸਿੰਘ ਤੱਗੜ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਕੋਟਲੀ, ਸੁਖਦੇਵ ਸਿੰਘ ਧੰਜੂ, ਸੁਰਿੰਦਰ ਸਿੰਘ ਗਿੱਲ, ਮਲਕੀਤ ਚੰਦ ਭੋਏਪੁਰੀ ਤੇ ਨਰਿੰਦਰ ਪਾਲ ਵੀ ਮੌਜੂਦ ਸਨ।





