ਮੋਦੀ ਹਕੂਮਤ ਦੇ ਦੌਰ ਵਿੱਚ ਮੀਡੀਆ ਹਾਕਮਾਂ ਦੀ ਰਖੇਲ ਬਣ ਕੇ ਰਹਿ ਗਿਆ ਹੈ | ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਮੁਨਾਫ਼ੇ ਦੀ ਹਵਸ ਨੇ ਖੋਖਲਾ ਕਰ ਦਿੱਤਾ ਹੈ | ਇਸ ਦਾ ਮੁੱਖ ਕਾਰਨ ਇਹ ਹੈ ਕਿ ਅੱਜ ਮੀਡੀਆ ਚਾਹੇ ਉਹ ਪਿ੍ੰਟ ਹੋਵੇ ਜਾਂ ਇਲੈਕਟ੍ਰਾਨਿਕ, ‘ਤੇ ਕਾਰਪੋਰੇਟਾਂ ਦਾ ਕਬਜ਼ਾ ਹੋ ਚੁੱਕਾ ਹੈ |
‘ਰਾਜਸਥਾਨ ਪੱਤਿ੍ਕਾ’ ਸਮੂਹ ਦੇ ਚੇਅਰਮੈਨ ਗੁਲਾਬ ਕੋਠਾਰੀ ਵੱਲੋਂ ਲਿਖੀ ‘ਦੀ ਗੀਤਾ ਵਿਗਿਆਨ ਉਪਨਿਸ਼ਦ’ ਨਾਮੀ ਕਿਤਾਬ ਦੀ ਘੁੰਢ ਚੁਕਾਈ ਮੌਕੇ ਬੋਲਦਿਆਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਨ ਵੀ ਰਮੰਨਾ ਨੇ ਕਿਹਾ ਕਿ ਜਦੋਂ ਕਿਸੇ ਮੀਡੀਆ ਹਾਊਸ ‘ਤੇ ਵਪਾਰਕ ਘਰਾਣੇ ਦੀ ਅਜਾਰੇਦਾਰੀ ਹੋ ਜਾਂਦੀ ਹੈ ਤਾਂ ਉਸ ਦੇ ਵਪਾਰਕ ਹਿੱਤ ਅਜ਼ਾਦ ਪੱਤਰਕਾਰਤਾ ਦੀ ਭਾਵਨਾ ਉੱਤੇ ਹਾਵੀ ਹੋ ਜਾਂਦੇ ਹਨ | ਨਤੀੇਜੇ ਵਜੋਂ ਲੋਕਤੰਤਰ ਕਮਜ਼ੋਰ ਹੋ ਜਾਂਦਾ ਹੈ | ਉਨ੍ਹਾ ਕਿਹਾ ਕਿ ਅਜ਼ਾਦ ਪੱਤਰਕਾਰਤਾ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ | ਪੱਤਰਕਾਰ ਜਨਤਾ ਦੀਆਂ ਅੱਖਾਂ ਤੇ ਕੰਨ ਹੁੰਦੇ ਹਨ | ਮੀਡੀਆ ਘਰਾਣਿਆਂ ਨੂੰ ਆਪਣੇ ਵਪਾਰਕ ਹਿੱਤਾਂ ਦਾ ਵਿਸਥਾਰ ਕਰਨ ਲਈ ਮੀਡੀਆ ਦੀ ਇੱਕ ਵਸੀਲੇ ਵਜੋਂ ਵਰਤੋਂ ਕੀਤੇ ਬਿਨਾਂ ਇਮਾਨਦਾਰ ਪੱਤਰਕਾਰਤਾ ਤੱਕ ਸੀਮਤ ਰਹਿਣਾ ਚਾਹੀਦਾ ਹੈ | ਠੀਕ ਤੱਥਾਂ ਨੂੰ ਪੇਸ਼ ਕਰਨਾ ਮੀਡੀਆ ਦੀ ਜ਼ਿੰਮੇਵਾਰੀ ਹੁੰਦੀ ਹੈ | ਵਿਸ਼ੇਸ਼ ਰੂਪ ਵਿੱਚ ਭਾਰਤੀ ਸਮਾਜਿਕ ਚੇਤਨਾ ਦੇ ਸੰਦਰਭ ਵਿੱਚ, ਜਿੱਥੇ ਲੋਕ ਹਾਲੇ ਵੀ ਇਹ ਮੰਨਦੇ ਹਨ ਕਿ ਮੀਡੀਆ ਰਾਹੀਂ ਜੋ ਕਿਹਾ ਜਾਂਦਾ ਹੈ, ਉਹ ਸੱਚ ਹੈ |
ਚੀਫ਼ ਜਸਟਿਸ ਨੇ ਕਿਹਾ ਕਿ ਕੇਵਲ ਕਿੱਤਾ ਦਿ੍ਸ਼ਟੀਕੋਣ ਵਾਲੇ ਮੀਡੀਆ ਘਰਾਣੇ ਹੀ ਐਮਰਜੈਂਸੀ ਦੇ ਕਾਲੇ ਦਿਨਾਂ ਵਿੱਚ ਲੋਕਤੰਤਰ ਲਈ ਲੜਨ ਵਿੱਚ ਸਮਰੱਥ ਰਹੇ ਸਨ | ਮੀਡੀਆ ਘਰਾਣਿਆਂ ਦੀ ਕਾਰਗੁਜ਼ਾਰੀ ਦੀ ਸਮੇਂ-ਸਮੇਂ ਉੱਤੇ ਪੜਚੋਲ ਹੁੰਦੀ ਰਹੇਗੀ ਤੇ ਉਨ੍ਹਾਂ ਦੇ ਕਿਰਦਾਰ ਬਾਰੇ ਨਤੀਜੇ ਸਾਹਮਣੇ ਆਉਂਦੇ ਰਹਿਣਗੇ |
ਉਨ੍ਹਾ ਆਪਣੇ ਵੱਲੋਂ ਕੁਝ ਸਮਾਂ ਇੱਕ ਪੱਤਰਕਾਰ ਵਜੋਂ ਕੀਤੇ ਕੰਮ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਪੱਤਰਕਾਰਾਂ ਵਿੱਚ ਜਨਹਿੱਤ ਸੰਬੰਧੀ ਵਧੀਆ ਰਿਪੋਰਟ ਤਿਆਰ ਕਰਨ ਲਈ ਇੱਕ ਸਿਹਤਮੰਦ ਮੁਕਾਬਲੇਬਾਜ਼ੀ ਹੁੰਦੀ ਸੀ | ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਅੱਜ ਦੇ ਮੀਡੀਆ ਵਿੱਚ ਵੀ ਅਜਿਹੇ ਉਤਸ਼ਾਹੀ ਪੱਤਰਕਾਰ ਹਨ, ਪ੍ਰੰਤੂ ਮੁਸ਼ਕਲਾਂ ਸਹਿ ਕੇ ਸਖ਼ਤ ਮਿਹਨਤ ਨਾਲ ਤਿਆਰ ਕੀਤੀ ਉਨ੍ਹਾਂ ਦੀ ਸ਼ਾਨਦਾਰ ਰਿਪੋਰਟ ਨੂੰ ਡੈਸਕ ਉੱਤੇ ਮਾਰ ਦਿੱਤਾ ਜਾਂਦਾ ਹੈ | ਇਹ ਕਾਰਵਾਈ ਇੱਕ ਸੱਚੇ ਪੱਤਰਕਾਰ ਦੇ ਹੌਸਲੇ ਨੂੰ ਡੇਗਣ ਵਾਲੀ ਹੁੰਦੀ ਹੈ | ਜਿਹੜੇ ਇਮਾਨਦਾਰ ਪੱਤਰਕਾਰ ਵਾਰ-ਵਾਰ ਅਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਦੇ ਹਨ, ਉਹ ਇਸ ਪਵਿੱਤਰ ਪੇਸ਼ੇ ਉੱਤੇ ਆਪਣਾ ਭਰੋਸਾ ਗੁਆ ਦਿੰਦੇ ਹਨ |
ਵਰਣਨਯੋਗ ਹੈ ਕਿ ਚੀਫ਼ ਜਸਟਿਸ ਨੇ ਪਿਛਲੇ ਹਫ਼ਤੇ ਵੀ ਕਿਹਾ ਸੀ ਕਿ, ‘ਮੀਡੀਆ ਵੱਲੋਂ ਏਜੰਡਾ ਅਧਾਰਤ ਬਹਿਸਾਂ ਤੇ ਕੰਗਾਰੂ ਕੋਰਟ ਚਲਾਏ ਜਾ ਰਹੇ ਹਨ, ਜੋ ਲੋਕਤੰਤਰ ਲਈ ਹਾਨੀਕਾਰਕ ਹਨ | ਮੌਜੂਦਾ ਸਮੇਂ ਜੱਜਾਂ ਦੇ ਫ਼ੈਸਲਿਆਂ ਦਾ ਮੀਡੀਆ ਟਰਾਇਲ ਹੋ ਰਿਹਾ ਹੈ | ਕੁਝ ਲੋਕ ਤਾਂ ਏਜੰਡੇ ਤਹਿਤ ਕੰਮ ਕਰ ਰਹੇ ਹਨ | ਮੌਜੂਦਾ ਦੌਰ ਵਿੱਚ ਪਿ੍ੰਟ ਮੀਡੀਆ ਜ਼ਿਮੇਦਾਰ ਜ਼ਰੂਰ ਹੈ, ਪ੍ਰੰਤੂ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਆਪਣੀ ਜ਼ਿੰਮੇਵਾਰੀ ਭੁੱਲ ਗਏ ਹਨ | ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਖੁਦ ਤੈਅ ਕਰਨੀ ਪਵੇਗੀ |’
ਚੀਫ਼ ਜਸਟਿਸ ਨੇ ਅੱਗੇ ਕਿਹਾ ਕਿ ਭਾਰਤ ਕੋਲ ਹਾਲੇ ਵੀ ‘ਪੁਲਿਤਜ਼ਰ’ ਦੇ ਬਰਾਬਰ ਕੋਈ ਪੁਰਸਕਾਰ ਨਹੀਂ ਹੈ ਤੇ ਨਾ ਹੀ ਅਸੀਂ ਕੋਈ ਪੁਲਿਤਜ਼ਰ ਵਿਜੇਤਾ ਪੱਤਰਕਾਰ ਪੈਦਾ ਕਰ ਸਕੇ ਹਾਂ | ਚੀਫ਼ ਜਸਟਿਸ ਨੇ ਕਿਹਾ ਕਿ ਸਾਨੂੰ ਆਪਾ-ਪੜਚੋਲ ਕਰਨੀ ਚਾਹੀਦੀ ਹੈ ਕਿ ਸਾਡੀ ਕਾਰਗੁਜ਼ਾਰੀ ਨੂੰ ਕੌਮਾਂਤਰੀ ਮਾਨਤਾ ਤੇ ਪ੍ਰਸੰਸਾ ਲਈ ਯੋਗ ਕਿਉਂ ਨਹੀਂ ਮੰਨਿਆ ਜਾਂਦਾ |