ਸਨੌਰ : ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ’ਚ ਐਤਵਾਰ ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਕਸਬਾ ਬਹਾਦਰਗੜ੍ਹ ’ਚ ਮਹਿਲਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਕੌਮੀ ਆਗੂ ਪਿ੍ਰਅੰਕਾ ਗਾਂਧੀ ਵਾਡਰਾ ਨੇ ਮਹਿਲਾ ਸ਼ਕਤੀ ਨੂੰ ਭਾਜਪਾ ਖਿਲਾਫ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾ ਕਿਹਾ ਕਿ ਮਹਿਲਾਵਾਂ ਦੀ ਦੇਸ਼ ਅੰਦਰ ਤਕਰੀਬਨ ਅੱਧੀ ਆਬਾਦੀ ਹੈ, ਜੇਕਰ ਉਹ ਇਕਜੁੱਟ ਹੋ ਜਾਣ ਤਾਂ ਉਹ ਦੇਸ਼ ਦਾ ਭਵਿੱਖ ਬਦਲ ਸਕਦੀਆਂ ਹਨ। ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਉਨ੍ਹਾ ਕਿਹਾ ਕਿ ਇਹ ਧਰਮਾਂ ’ਚ ਵੰਡੀਆਂ ਪਾ ਰਹੀ ਹੈ। ਪੰਜਾਬ, ਪੰਜਾਬੀਅਤ ਤੇ ਕਿਸਾਨਾਂ ਦੀ ਗੱਲ ਕਰਦਿਆਂ ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਦੇ ਵਿਕਾਸ ਤੇ ਖੁਸ਼ਹਾਲੀ ’ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬ ਨੂੰ ਕੇਂਦਰ ਸਰਕਾਰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੀ ਹੈ। ਇਸ ਮੌਕੇ ਧਰਮਵੀਰ ਗਾਂਧੀ ਤੇ ਗੁਰਸ਼ਰਨ ਕੌਰ ਰੰਧਾਵਾ ਸਮੇਤ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਪਿ੍ਰਅੰਕਾ ਗਾਂਧੀ ਨੇ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਅਮਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਜੇਕਰ ਦੇਸ਼ ਦਾ ਅਰਥਚਾਰਾ ਇੰਨੀ ਤੇਜ਼ ਰਫਤਾਰ ਨਾਲ ਤਰੱਕੀ ਕਰ ਰਿਹਾ ਹੈ ਤਾਂ ਫਿਰ ਦੇਸ਼ ਦੇ ਲੋਕਾਂ ਦਾ ਜੀਵਨ ਖੁਸ਼ਹਾਲ ਕਿਉਂ ਨਹੀਂ ਹੈ। ਉਨ੍ਹਾ ਮੋਦੀ ’ਤੇ ਦੋਸ਼ ਲਾਇਆ ਕਿ ਉਹ ਸਿਰਫ ਸੱਤਾ ਹਥਿਆਉਣ ਲਈ ਝੂਠ ਬੋਲ ਰਹੇ ਹਨ ਤੇ ਲੋਕਾਂ ਨਾਲ ਖੋਖਲੇ ਵਾਅਦੇ ਕਰ ਰਹੇ ਹਨ। ਪਿ੍ਰਅੰਕਾ ਨੇ ਕਿਹਾ ਕਿ ਦੇਸ਼ ਦਾ 70 ਕਰੋੜ ਨੌਜਵਾਨ ਬੇਰੁਜ਼ਗਾਰ ਹੈ ਤੇ ਪਿਛਲੇ 45 ਸਾਲਾਂ ਵਿਚ ਬੇਰੁਜ਼ਗਾਰੀ ਆਪਣੇ ਸਿਖਰਲੇ ਪੱਧਰ ’ਤੇ ਹੈ। ਮੋਦੀ ਦੀ ਹਕੂਮਤ ਵਿਚ ਸਰਕਾਰੀ ਖੇਤਰ ਵਿਚ 30 ਲੱਖ ਤੋਂ ਵੱਧ ਪੋਸਟਾਂ ਖਾਲੀ ਪਈਆਂ ਹਨ। ਉਨ੍ਹਾ ਕਿਹਾ-ਤਰੱਕੀ ਸਿਰਫ ਟੀ ਵੀ ’ਤੇ ਹੀ ਨਜ਼ਰ ਆਉਂਦੀ ਹੈ ਤੇ ਤੁਹਾਡੀਆਂ ਜ਼ਿੰਦਗੀਆਂ ਵਿਚ ਕੋਈ ਵਿਕਾਸ ਨਹੀਂ ਹੋਇਆ।