ਨਵੀਂ ਦਿੱਲੀ : ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ’ਚ ਸ਼ਨਿੱਚਰਵਾਰ ਰਾਤ ਬੱਚਿਆਂ ਦੇ ਹਸਪਤਾਲ ’ਚ ਅੱਗ ਲੱਗਣ ਕਰਕੇ 7 ਨਵਜੰਮਿਆਂ ਦੀ ਮੌਤ ਹੋ ਗਈ, ਜਦੋਂਕਿ ਪੰਜ ਬੱਚੇ ਦੂਜੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦਿੱਲੀ ਫਾਇਰ ਸਰਵਿਸਿਜ਼ ਦੇ ਮੁਖੀ ਅਤੁਲ ਗਰਗ ਨੇ ਕਿਹਾ ਕਿ ਮੈਡੀਕਲ ਸਟਾਫ ਤੇ ਲੋਕਾਂ ਦੀ ਮਦਦ ਨਾਲ 12 ਨਵਜੰਮਿਆਂ ਨੂੰ ਬਾਹਰ ਕੱਢਿਆ ਗਿਆ, ਪਰ ਇਨ੍ਹਾਂ ਵਿੱਚੋਂ 7 ਦੀ ਮੌਤ ਹੋ ਗਈ। ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਬੇਬੀ ਕੇਅਰ ਨਿਊ ਬੌਰਨ ਹਸਪਤਾਲ ਤੇ ਇਸ ਦੇ ਨਾਲ ਲੱਗਦੀ ਇਮਾਰਤ ਵਿਚ ਰਾਤ 11:30 ਵਜੇ ਦੇ ਕਰੀਬ ਅੱਗ ਲੱਗੀ। ਪੁਲਸ ਨੇ ਹਸਪਤਾਲ ਦੇ ਮਾਲਕ ਨਵੀਨ ਕਿਚੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ।





