38.1 C
Jalandhar
Friday, June 14, 2024
spot_img

ਸਿੱਖੀ ਨੂੰ ਬਚਾਉਣ ਲਈ ਹਰਸਿਮਰਤ ਨੂੰ ਹਰਾਉਣਾ ਲਾਜ਼ਮੀ : ਦਾਦੂਵਾਲ

ਬਠਿੰਡਾ (ਬਖਤੌਰ ਢਿੱਲੋਂ)-ਇਕ ਪ੍ਰਮੁੱਖ ਵਿਅਕਤੀ ਅੱਜ ਇਥੇ ਕਹਿ ਰਿਹਾ ਸੀ ਕਿ ਸਿੱਖੀ, ਪੰਜਾਬ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਹਰਾਉਣਾ ਲਾਜ਼ਮੀ। ਹੋਰ ਕਿਸੇ ਵੀ ਉਸ ਉਮੀਦਵਾਰ ਨੂੰ ਵੋਟਾਂ ਪਾਓ, ਜੋ ਬੀਬੀ ਬਾਦਲ ਨੂੰ ਹਰਾ ਸਕਦਾ ਹੈ। ਇਹੋ ਸ਼ਬਦ ਉਕਤ ਨੇ ਇਕ ਵਾਰ ਨਹੀਂ, ਸਗੋਂ 100 ਵਾਰ ਕਹੇ, ਜਿਵੇਂ ਕਿ ਉਨ੍ਹਾ ਦਾ ਮਿਸ਼ਨ ਹੀ ਸਿਰਫ ਤੇ ਸਿਰਫ ਬੀਬੀ ਬਾਦਲ ਨੂੰ ਹਰਾਉਣਾ ਹੀ ਹੋਵੇ।
ਇਹ ਵਿਅਕਤੀ ਸਨ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪਿਛਲੇ ਸਮੇਂ ਅੰਦਰ ਸਿੱਖ ਪੰਥ ਦੀਆਂ ਸ਼੍ਰੋਮਣੀ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਵਾਰ ਦੀ ਸਰਪ੍ਰਸਤੀ ਵਿੱਚ ਖਤਮ ਹੋਣ ਦੀ ਕਗਾਰ ’ਤੇ ਪਹੁੰਚ ਗਈਆਂ ਹਨ, ਜੋ ਦੁਨੀਆ ਵਿੱਚ ਵਸਦੇ ਪੰਥ ਦਰਦੀਆਂ ਲਈ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਸੰਸਥਾਵਾਂ ਦੀ ਮੁੜ ਸੁਰਜੀਤੀ ਲਈ ਬਾਦਲ ਪਰਵਾਰ ਨੂੰ ਇੱਕ ਵਾਰ ਇਨ੍ਹਾਂ ਸੰਸਥਾਵਾਂ ਦੀ ਸਰਪ੍ਰਸਤੀ ਤੋਂ ਲਾਂਭੇ ਕਰਨਾ ਅਤਿਅੰਤ ਜ਼ਰੂਰੀ ਹੈ।ਜਥੇਦਾਰ ਦਾਦੂਵਾਲ ਨੇ ਕਿਹਾ ਕੇ 1997 ਵਿੱਚ ਪੰਥ ਦੀਆਂ ਸਾਰੀਆਂ ਸ਼ਕਤੀਆਂ ਨੇ ਇਕੱਤਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ, ਪੰਥ ਦੇ ਮਨ ਵਿੱਚ ਆਸ ਤੇ ਉਮੀਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ 1984 ਸਮੇਂ ਹੋਏ ਜ਼ਖਮਾਂ ’ਤੇ ਮੱਲ੍ਹਮ ਲਗਾਏਗੀ, ਪਰ ਬਾਦਲਾਂ ਨੇ ਸਿੱਖਾਂ ਦੀਆਂ ਆਸਾਂ, ਉਮੀਦਾਂ ’ਤੇ ਪਾਣੀ ਫੇਰ ਦਿੱਤਾ।
ਉਨ੍ਹਾ ਕਿਹਾ ਕਿ ਬਾਦਲਾਂ ਦੇ ਰਾਜ ਵਿਚ ਬੇਅਦਬੀ ਦੇ ਦੋਸ਼ੀਆਂ ਦੀ ਪੰਥ ਨੇ ਗਿ੍ਰਫਤਾਰੀ ਮੰਗੀ ਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਉੱਪਰ ਬਹਿਬਲ ਕਲਾਂ, ਕੋਟਕਪੂਰਾ ਵਿੱਚ ਸਿੱਧੀਆਂ ਗੋਲੀਆਂ ਚਲਾ ਕੇ ਗੰਦੇ ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਕਰਕੇ ਦੋ ਸਿੰਘਾਂ ਨੂੰ ਸ਼ਹੀਦ ਅਤੇ ਅਨੇਕਾਂ ਨੂੰ ਜ਼ਖਮੀ ਕਰ ਦਿੱਤਾ। ਬੇਅਦਬੀ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਅਤੇ ਉਸ ਦੇ ਪੈਰੋਕਾਰਾਂ ਨੂੰ ਬਚਾਉਣ ਲਈ ਹਰੇਕ ਤਰ੍ਹਾਂ ਦੀ ਛਤਰ-ਛਾਇਆ ਬਾਦਲਾਂ ਨੇ ਦਿੱਤੀ। ਗੁਰੂ ਸਾਹਿਬ ਦਾ ਸਵਾਂਗ ਰਚਣ ਵਾਲੇ ਸੌਦਾ ਅਸਾਧ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਉਸ ਤੋਂ ਵੋਟਾਂ ਮੰਗੀਆਂ ਤੇ ਬਾਅਦ ਵਿੱਚ ਸੌਦਾ ਅਸਾਧ ਨੂੰ ਮਾਫੀਨਾਮਾ ਵੀ ਦਿਵਾ ਦਿੱਤਾ। ਕਿਸੇ ਵੀ ਦੋਸ਼ੀ ਨੂੰ ਬਾਦਲਾਂ ਨੇ ਸਜ਼ਾ ਨਹੀਂ ਦਿੱਤੀ, ਉਲਟਾ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਗਈ।
ਉਹਨਾ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਹਲਕਾ ਫਰੀਦਕੋਟ ਤੋਂ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਅਤੇ ਹਲਕਾ ਖਡੂਰ ਸਾਹਿਬ ਤੋਂ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮਿ੍ਰਤਪਾਲ ਸਿੰਘ ਨੂੰ ਪਾਰਲੀਮੈਂਟ ਵਿਚ ਭੇਜਣਾ ਵੀ ਪੰਥ ਦੀ ਜਿੰਮੇਵਾਰੀ ਹੈ।ਉਨ੍ਹਾ ਕਿਹਾ ਕਿ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਅਤੇ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਉਮੀਦਵਾਰ ਖੜ੍ਹੇ ਕੀਤੇ ਜਾਣਾ ਸਪੱਸ਼ਟ ਕਰਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਪੰਥ ਦਾ ਕਿੰਨਾ ਕੁ ਦਰਦ ਹੈ। ਇਹ ਉਹੀ ਲੀਡਰ ਹਨ, ਜੋ ਕਿ ਅਕਸਰ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਨ, ਪਰ ਹੁਣ ਸੱਚ ਸਾਹਮਣੇ ਆ ਗਿਆ ਹੈ। ਉਨ੍ਹਾ ਕਿਹਾ ਕਿ ਉਹ ਉਕਤ ਦੋਵੇਂ ਪਾਰਟੀਆਂ ਅਤੇ ਹੋਰ ਪਾਰਟੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਦੋਵਾਂ ਥਾਵਾਂ ਤੋਂ ਉਮੀਦਵਾਰ ਵਾਪਸ ਲੈ ਕੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਅਤੇ ਅੰਮਿ੍ਰਤਪਾਲ ਸਿੰਘ ਨੂੰ ਜੇਤੂ ਬਣਾਉਣ ਵਿਚ ਸਹਿਯੋਗ ਦੇਣ।

Related Articles

LEAVE A REPLY

Please enter your comment!
Please enter your name here

Latest Articles