ਕੇਜਰੀਵਾਲ ਨੇ ਸੁਪਰੀਮ ਕੋਰਟ ਤੋਂ 7 ਦਿਨ ਹੋਰ ਮੰਗੇ

0
127

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਨੂੰ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਸਿਹਤ ਦੇ ਆਧਾਰ ’ਤੇ ਆਪਣੀ ਅੰਤਰਮ ਜ਼ਮਾਨਤ 7 ਦਿਨ ਹੋਰ ਵਧਾਉਣ ਦੀ ਬੇਨਤੀ ਕੀਤੀ ਹੈ। 10 ਮਈ ਨੂੰ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਕਰਨ ਲਈ 21 ਦਿਨਾਂ ਦੀ ਅੰਤਰਮ ਜ਼ਮਾਨਤ ਦਿੱਤੀ ਸੀ। ਆਪਣੀ ਤਾਜ਼ਾ ਪਟੀਸ਼ਨ ’ਚ ਮੁੱਖ ਮੰਤਰੀ ਨੇ ਸਿਹਤ ਦੇ ਆਧਾਰ ’ਤੇ 7 ਦਿਨ ਹੋਰ ਮੰਗੇ ਹਨ। ਪਟੀਸ਼ਨ ’ਚ ਦੱਸਿਆ ਗਿਆ ਹੈ ਕਿ ਉਨ੍ਹਾ ਦਾ ਭਾਰ 7 ਕਿੱਲੋ ਘਟ ਗਿਆ ਹੈ। ਕੁਝ ਮੈਡੀਕਲ ਜਾਂਚ ਕਰਵਾਉਣ ਦੀ ਲੋੜ ਹੈ ਅਤੇ ਇਸ ਲਈ 1 ਜੂਨ ਨੂੰ ਖਤਮ ਹੋਣ ਵਾਲੀ ਅੰਤਰਮ ਜ਼ਮਾਨਤ ਦੀ ਮਿਆਦ ਵਧਾਈ ਜਾਵੇ।
ਪੱਥਰਬਾਜ਼ ਦੇ ਪਰਵਾਰਕ ਮੈਂਬਰ ਨੂੰ ਨੌਕਰੀ ਨਹੀਂ ਦੇਵਾਂਗੇ : ਸ਼ਾਹ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ’ਚ ਕਿਸੇ ਵੀ ਅੱਤਵਾਦੀ ਜਾਂ ਪੱਥਰਬਾਜ਼ ਦੇ ਪਰਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ। ਸ਼ਾਹ ਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਨਾ ਸਿਰਫ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਹੈ, ਸਗੋਂ ਅੱਤਵਾਦੀ ਢਾਂਚੇ ਨੂੰ ਵੀ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਦੇਸ਼ ’ਚ ਅੱਤਵਾਦੀ ਘਟਨਾਵਾਂ ’ਚ ਕਾਫੀ ਕਮੀ ਆਈ ਹੈ।
‘ਇੰਡੀਆ’ ਦੀ ਪਹਿਲੀ ਨੂੰ ਮੀਟਿੰਗ
ਨਵੀਂ ਦਿੱਲੀ : ਲੋਕ ਸਭਾ ਚੋਣਾਂ ’ਚ ਆਪਣੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਨਤੀਜਿਆਂ ਤੋਂ ਪਹਿਲਾਂ ਆਪਣੀ ਰਣਨੀਤੀ ਬਣਾਉਣ ਲਈ ਵਿਰੋਧੀ ਧਿਰ ਇੰਡੀਆ ਗੱਠਜੋੜ ਦੇ ਸਿਖਰਲੇ ਆਗੂਆਂ ਦੀ 1 ਜੂਨ ਨੂੰ ਮੀਟਿੰਗ ਹੋਣ ਦੀ ਸੰਭਾਵਨਾ ਹੈ। ਵਿਰੋਧੀ ਗੱਠਜੋੜ ਦਾਅਵਾ ਕਰਦਾ ਰਿਹਾ ਹੈ ਕਿ ਉਹ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਨੂੰ ਕੇਂਦਰ ਵਿਚ ਸੱਤਾ ਵਿਚ ਵਾਪਸੀ ਤੋਂ ਰੋਕਣ ਅਤੇ ਆਪਣੀ ਸਰਕਾਰ ਬਣਾਉਣ ਵਿਚ ਸਮਰੱਥ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੀਟਿੰਗ ਬੁਲਾਈ ਹੈ।
ਸ਼ੇਅਰ ਬਾਜ਼ਾਰ ਚੜ੍ਹ ਕੇ ਡਿੱਗਿਆ
ਮੁੰਬਈ : ਉਤਰਾਅ-ਚੜ੍ਹਾਅ ਕਾਰਨ ਸੋਮਵਾਰ ਸ਼ੇਅਰ ਬਾਜ਼ਾਰਾਂ ’ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਕਾਰੋਬਾਾਰ ਦੌਰਾਨ ਸੈਂਸੈਕਸ ਨੇ ਪਹਿਲੀ ਵਾਰ ਰਿਕਾਰਡ 76,000 ਦੇ ਅੰਕੜੇ ਨੂੰ ਪਾਰ ਕੀਤਾ ਸੀ, ਜਦੋਂ ਕਿ ਨਿਫਟੀ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ, ਪਰ ਬਾਅਦ ’ਚ ਵਿਕਰੀ ਦੇ ਦਬਾਅ ਕਾਰਨ ਇਸ ’ਚ ਗਿਰਾਵਟ ਆਈ। 30 ਸ਼ੇਅਰਾਂ ਵਾਲਾ ਸੈਂਸੈਕਸ 19.89 ਅੰਕ ਜਾਂ 0.03 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 75,390.50 ’ਤੇ ਬੰਦ ਹੋਇਆ। ਨਿਫਟੀ ਵੀ 24.65 ਅੰਕ ਜਾਂ 0.11 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 22,932.45 ’ਤੇ ਬੰਦ ਹੋਇਆ।
31 ਨੂੰ ਪੇਸ਼ ਹੋਵਾਂਗਾ : ਰੇਵੰਨਾ
ਬੈਂਗਲੁਰੂ : ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੇ ਦੇਸ਼ ਛੱਡਣ ਦੇ ਠੀਕ ਮਹੀਨੇ ਬਾਅਦ ਕਿਹਾ ਕਿ ਉਹ 31 ਮਈ ਨੂੰ ਆਪਣੇ ਖਿਲਾਫ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਸਾਹਮਣੇ ਪੇਸ਼ ਹੋਵੇਗਾ। ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦੇ ਪੋਤੇ ਨੇ ਕਿਹਾਮੈਂ ਨਿੱਜੀ ਤੌਰ ’ਤੇ ਸ਼ੁੱਕਰਵਾਰ 31 ਮਈ ਨੂੰ ਸਵੇਰੇ 10 ਵਜੇ ਸਿਟ ਦੇ ਸਾਹਮਣੇ ਆਵਾਂਗਾ, ਜਾਂਚ ’ਚ ਸਹਿਯੋਗ ਕਰਾਂਗਾ ਤੇ ਦੋਸ਼ਾਂ ਦਾ ਜਵਾਬ ਦੇਵਾਂਗਾ। ਮੈਨੂੰ ਅਦਾਲਤ ’ਤੇ ਭਰੋਸਾ ਹੈ।

LEAVE A REPLY

Please enter your comment!
Please enter your name here