31.1 C
Jalandhar
Saturday, July 27, 2024
spot_img

ਅਮਿਤ ਸ਼ਾਹ ਨੇ 3 ਕਰੋੜ ਪੰਜਾਬੀਆਂ ਨੂੰ ਦਿੱਤੀ ਹੈ ਧਮਕੀ : ਕੇਜਰੀਵਾਲ, ਮਾਨ

ਚੰਡੀਗੜ੍ਹ/ਬਠਿੰਡਾ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਨੇ ਅਮਿਤ ਸ਼ਾਹ ਦੇ ਪੰਜਾਬ ਸਰਕਾਰ ਨੂੰ ਡੇਗਣ ਬਾਰੇ ਦਿੱਤੇ ਬਿਆਨ ਲਈ ਜਵਾਬੀ ਹਮਲਾ ਕੀਤਾ ਹੈ। ‘ਆਪ’ ਨੇ ਕਿਹਾ ਕਿ ਅਮਿਤ ਸ਼ਾਹ ਨੇ ਤਿੰਨ ਕਰੋੜ ਪੰਜਾਬੀਆਂ ਨੂੰ ਧਮਕੀ ਦਿੱਤੀ ਅਤੇ ਪੰਜਾਬ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਹੈ। ਪੰਜਾਬ ਦੇ ਲੋਕ ਕਿਸੇ ਦੀਆਂ ਧਮਕੀਆਂ ਨੂੰ ਨਹੀਂ ਮੰਨਦੇ ਅਤੇ ਨਾ ਹੀ ਡਰਦੇ ਹਨ। ਸ਼ਾਇਦ ਭਾਜਪਾ ਅਤੇ ਇਸ ਦੇ ਆਗੂ ਕਿਸਾਨਾਂ ਦੇ ਰੋਸ ਨੂੰ ਭੁੱਲ ਗਏ ਹਨ।ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਬਠਿੰਡਾ ’ਚ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਗੰਭੀਰ ਮੁੱਦੇ ’ਤੇ ਆਪਣੀ ਗੱਲ ਰੱਖੀ। ਕੇਜਰੀਵਾਲ ਨੇ ਅਮਿਤ ਸ਼ਾਹ ਦੇ ਬਿਆਨ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਸ਼ਾਹ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ 4 ਜੂਨ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗ ਦੇਣਗੇ ਅਤੇ ਤਿੰਨ ਕਰੋੜ ਪੰਜਾਬੀਆਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਦੇਣਗੇ।
ਉਹਨਾ ਅਮਿਤ ਸ਼ਾਹ ਨੂੰ ਪੁੱਛਿਆ ਕਿ ਤੁਹਾਡੇ ਕੋਲ ਕਿੰਨਾ ਪੈਸਾ ਹੈ, ਜੋ ਤੁਸੀਂ ਪੰਜਾਬ ਦੇ ਲੋਕਾਂ ਦੀ ਬੋਲੀ ਲਗਾ ਰਹੇ ਹੋ? ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਖ਼ਰੀਦਣਾ ਚਾਹੁੰਦੇ ਹੋ? ਕੀ ਤੁਸੀਂ ਹੁਣ ਪੰਜਾਬ ਦੇ ਲੋਕਾਂ ਨੂੰ ਈ ਡੀ ਅਤੇ ਸੀ ਬੀ ਆਈ ਤੋਂ ਡਰਾਓਗੇ? ਪੰਜਾਬ ਦੇ ਲੋਕ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ, ਇਹ ਬਹਾਦਰ ਲੋਕ ਹਨ, ਤੁਸੀਂ ਉਨ੍ਹਾਂ ਨੂੰ ਖਰੀਦ ਕੇ ਡਰਾ ਨਹੀਂ ਸਕਦੇ।
ਉਹਨਾ ਕਿਹਾ ਕਿ ਅਸਲ ’ਚ ਉਨ੍ਹਾਂ ਦਾ ਮਕਸਦ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣਾ ਅਤੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਬੰਦ ਕਰਨਾ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਮੁਫ਼ਤ ਬਿਜਲੀ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਦਿਵਾਓ, ਨਹੀਂ ਤਾਂ ਭਾਜਪਾ ਵਾਲੇ ਤੁਹਾਡੀ ਮੁਫ਼ਤ ਬਿਜਲੀ ਬੰਦ ਕਰ ਦੇਣਗੇ । ਜੇਕਰ ਸੰਸਦ ਵਿੱਚ ਜ਼ਿਆਦਾ ਸੰਸਦ ਮੈਂਬਰ ਹੋਣਗੇ ਤਾਂ ਅਸੀਂ ਕੇਂਦਰ ਸਰਕਾਰ ਨਾਲ ਲੜ ਸਕਾਂਗੇ ਅਤੇ ਮੁਫ਼ਤ ਬਿਜਲੀ ਅਤੇ ਹੋਰ ਸਹੂਲਤਾਂ ਜਾਰੀ ਰੱਖਾਂਗੇ।
ਉਨ੍ਹਾ ਕਿਹਾ ਕਿ 2020 ਵਿੱਚ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ। ਉਨ੍ਹਾ ਸੜਕਾਂ ’ਤੇ ਮੇਖ਼ਾਂ ਲਾ ਦਿੱਤਿਆਂ। ਫਿਰ ਕਿਸਾਨਾਂ ਨੇ ਡੇਢ ਸਾਲ ਤੱਕ ਦਿੱਲੀ ਬਾਰਡਰ ’ਤੇ ਪ੍ਰਦਰਸ਼ਨ ਕੀਤਾ, ਜਿਸ ’ਚ ਕਰੀਬ 750 ਕਿਸਾਨ ਸ਼ਹੀਦ ਹੋ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਤੋਂ ਸਨ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ ਹਨ।
ਮਾਨ ਨੇ ਕਿਹਾ ਕਿ ਕੱਲ੍ਹ ਅਮਿਤ ਸ਼ਾਹ ਲੁਧਿਆਣਾ ਵਿੱਚ ਭਾਜਪਾ ਉਮੀਦਵਾਰ ਲਈ ਵੋਟਾਂ ਮੰਗਣ ਆਏ ਸਨ, ਜਿੱਥੇ ਉਨ੍ਹਾ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਨੂੰ ਡੇਗਣ ਦੀ ਧਮਕੀ ਦਿੱਤੀ ਸੀ। ਅਸਲ ਵਿੱਚ ਇਹ ਭਾਜਪਾ ਦੀ ਸ਼ੈਲੀ ਹੈ, ਇਹ ਤਾਨਾਸ਼ਾਹੀ ਹੈ, ਇਹ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ, ਚੰਡੀਗੜ੍ਹ ਦੇ ਮੇਅਰ ਦੀ ਚੋਣ ਦੌਰਾਨ ਇਨ੍ਹਾਂ ਦੀ ਗੁੰਡਾਗਰਦੀ ਸਭ ਨੇ ਦੇਖੀ, ਖ਼ੁਸ਼ਕਿਸਮਤੀ ਨਾਲ ਉੱਥੇ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਸਨ ਅਤੇ ਫਿਰ ਸੁਪਰੀਮ ਕੋਰਟ ਨੇ ਦਖ਼ਲ ਦੇ ਕੇ ‘ਆਪ’ ਦੇ ਮੇਅਰ ਨੂੰ ਜੇਤੂ ਐਲਾਨ ਦਿੱਤਾ।
ਉਹਨਾ ਕਿਹਾ ਕਿ ਸਾਡੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ। ਪੰਜਾਬ ਦੇ ਲੋਕਾਂ ਨੂੰ ਧਮਕਾਉਣ ਵਾਲੇ ਅਮਿਤ ਸ਼ਾਹ ਕੌਣ ਹੁੰਦੇ ਹਨ? ਹੋ ਸਕਦਾ ਹੈ ਕਿ ਭਾਜਪਾ ਅਤੇ ਇਸ ਦੇ ਆਗੂ ਕਿਸਾਨ ਅੰਦੋਲਨ ਨੂੰ ਭੁੱਲ ਗਏ, ਜਦੋਂ ਨਰਿੰਦਰ ਮੋਦੀ ਨੂੰ ਮੁਆਫ਼ੀ ਮੰਗਣੀ ਪਈ ਸੀ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ ਪਿਆ ਸੀ। ਪੰਜਾਬ ਦੇ ਲੋਕਾਂ ਨੇ ਆਪ ਦੀ ਸਰਕਾਰ ਨੂੰ ਚੁਣਿਆ ਹੈ, ਉਨ੍ਹਾਂ ਸਾਨੂੰ ਇਤਿਹਾਸਕ ਫ਼ਤਵਾ ਦਿੱਤਾ ਹੈ, ਸਾਡੇ ਕੋਲ 92 ਵਿਧਾਇਕ ਹਨ, ਭਾਜਪਾ ਕੋਲ ਸਿਰਫ਼ 2 ਹਨ, ਉਹ ਕਿਸ ਆਧਾਰ ’ਤੇ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਡੇਗਣ ਦੀ ਗੱਲ ਕਰ ਰਹੇ ਹਨ। ਅਮਿਤ ਸ਼ਾਹ ਨੂੰ ਲੱਗਦਾ ਹੈ ਕਿ ਭਾਰਤ ਦੀ ਸਿਆਸੀ ਜ਼ਮੀਨ ਇੱਕ ਮੰਡੀ ਹੈ, ਜਿੱਥੇ ਉਹ ਕੋਈ ਵੀ ਚੀਜ਼ ਖਰੀਦ ਸਕਦੇ ਹਨ, ਪਰ ਇਹ ਸੱਚ ਨਹੀਂ. ਸਾਡੇ ਵਿਧਾਇਕਾਂ ਨੇ 50-60 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਆਪਣੀਆਂ ਸੀਟਾਂ ਜਿੱਤੀਆਂ ਹਨ, ਸਾਨੂੰ ਪੰਜਾਬ ਦੇ ਲੋਕਾਂ ਦਾ ਸਮਰਥਨ ਪ੍ਰਾਪਤ ਹੈ। ‘ਆਪ’ ਇੱਕ ਸੰਗਠਨ ਹੈ। ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ, ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਨਹੀਂ, ਉਹ ਇੱਕ ਵਿਚਾਰ ਹਨ ਅਤੇ ‘ਆਪ’ ਦਾ ਹਰ ਸਿਪਾਹੀ ਇਸ ਵਿਚਾਰਧਾਰਾ ’ਤੇ ਚੱਲਦਾ ਹੈ।ਮਾਨ ਨੇ ਕਿਹਾ ਕਿ ਅਮਿਤ ਸ਼ਾਹ ‘ਆਪ’ ਸਰਕਾਰ ਨੂੰ ਡੇਗਣ ਦੀ ਗੱਲ ਕਰ ਰਹੇ ਹਨ, ਪਰ ਅਸਲ ’ਚ ਉਨ੍ਹਾ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੀ ਚਿੰਤਾ ਹੋਣੀ ਚਾਹੀਦੀ ਹੈ। ਮੋਦੀ ਇਹ ਚੋਣ ਨਹੀਂ ਜਿੱਤ ਰਹੇ, ਚੋਣਾਂ ਦੇ ਛੇ ਪੜਾਵਾਂ ਅਤੇ ਨਰਿੰਦਰ ਮੋਦੀ ਦੇ ਬਿਆਨਾਂ ਅਤੇ ਸੁਰਾਂ ਤੋਂ ਇਹ ਸਪੱਸ਼ਟ ਹੈ। ‘ਆਪ’ ਦੇ ਰਾਜ ਸਭਾ ਵਿੱਚ ਸੱਤ ਸੰਸਦ ਮੈਂਬਰ ਹਨ ਅਤੇ ਜਲਦੀ ਹੀ ਲੋਕ ਸਭਾ ਵਿੱਚ ਪੰਜਾਬ ਤੋਂ 13 ਸੰਸਦ ਮੈਂਬਰ ਹੋਣਗੇ। ਅਸੀਂ ਦਿੱਲੀ, ਗੁਜਰਾਤ, ਅਸਾਮ ਅਤੇ ਕੁਰੂਕਸ਼ੇਤਰ ਦੀ ਸੀਟ ਜਿੱਤ ਰਹੇ ਹਾਂ। ਅਸੀਂ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਕਰਾਂਗੇ।
ਉਹਨਾ ਮੋਦੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਹਿੰਦੀ ਭਾਸ਼ਾ ’ਚ 6 ਲੱਖ ਸ਼ਬਦ ਹਨ, ਪਰ ਮੋਦੀ ਸਿਰਫ਼ 10 ਸ਼ਬਦ ਜਾਣਦੇ ਹਨ-ਹਿੰਦੁਸਤਾਨ-ਪਾਕਿਸਤਾਨ, ਮੰਦਰ-ਮਸਜਿਦ, ਮੰਗਲਸੂਤਰ-ਮੁਸਲਿਮ, ਕਬਰਿਸਤਾਨ-ਸ਼ਮਸ਼ਾਨਘਾਟ ਅਤੇ ਗਾਂ-ਮੱਝ। ਉਹ ਕਦੇ ਵੀ ਆਮ ਲੋਕਾਂ ਦੇ ਅਸਲ ਮੁੱਦਿਆਂ ਦੀ ਗੱਲ ਨਹੀਂ ਕਰਦੇ, ਉਨ੍ਹਾ ਕੋਲ ਆਪਣੇ 10 ਸਾਲ ਪ੍ਰਧਾਨ ਮੰਤਰੀ ਵਜੋਂ ਦਿਖਾਉਣ ਲਈ ਕੋਈ ਸਕੂਲ ਜਾਂ ਹਸਪਤਾਲ ਨਹੀਂ। ਮਾਨ ਨੇ ਕਿਹਾ ਕਿ ਭਾਜਪਾ ਆਪਣੇ ਅੰਤ ਦੇ ਨੇੜੇ ਹੋਣ ਕਰਕੇ ਅਜਿਹਾ ਵਤੀਰਾ ਅਪਣਾ ਰਹੀ ਹੈ। ਉਹਨਾ ਕਿਹਾ ਕਿ ‘ਅੱਤ’ ਅਤੇ ‘ਅੰਤ’ ਇਕ-ਦੂਜੇ ਦੇ ਬਹੁਤ ਨੇੜੇ ਹਨ ਅਤੇ ਭਾਜਪਾ ਇਨ੍ਹਾਂ ਦੋਵਾਂ ਦੇ ਕੋਲ ਹੈ।

Related Articles

LEAVE A REPLY

Please enter your comment!
Please enter your name here

Latest Articles