ਫਰੀਦਕੋਟ (ਐਲਿਗਜੈਂਡਰ ਡਿਸੂਜਾ, ਗੁਰਪ੍ਰੀਤ ਸਿੰਘ ਬੇਦੀ)-ਮੋਦੀ ਸਰਕਾਰ ਨੇ ਪਿਛਲੇ ਦਸ ਵਰ੍ਹਿਆਂ ਵਿਚ ਕਾਰਪੋਰੇਟਾਂ ਤੋਂ ਹਾਸਲ ਅਰਬਾਂ ਰੁਪਏ ਦੇ ਚੰਦੇ ਕਰਕੇ, ਮੀਡੀਏ ’ਤੇ ਕੰਟਰੋਲ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜੋ ਤਾਕਤ ਹਾਸਲ ਕਰ ਲਈ ਹੈ, ਉਸ ਨੂੰ ਕੇਂਦਰ ਦੀ ਸੱਤਾ ਤੋਂ ਲਾਂਭੇ ਕਰਨਾ ਇਕੱਲੀ ਕਾਂਗਰਸ ਦੇ ਵੱਸ ਦਾ ਰੋਗ ਨਹੀਂ ਰਿਹਾ। ਇਸੇ ਲੋੜ ਕਾਰਨ ਇੰਡੀਆ ਗਠਜੋੜ ਹੋਂਦ ਵਿੱਚ ਆਇਆ, ਜਿਸ ਵਿੱਚ ਹਰ ਪਾਰਟੀ ਬਰਾਬਰ ਦੇ ਸਤਿਕਾਰ ਦੀ ਹੱਕਦਾਰ ਹੈ। ਇਹ ਸ਼ਬਦ ਲੋਕ ਸਭਾ ਹਲਕਾ ਫਰੀਦਕੋਟ ਤੋਂ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਦੇ ਸਾਂਝੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਹੇ। ਇਨ੍ਹਾਂ ਮੀਟਿੰਗਾਂ ਨੂੰ ਕਮਿਊਨਿਸਟ ਆਗੂਆਂ ਅਸ਼ੋਕ ਕੌਸ਼ਲ, ਅਪਾਰ ਸਿੰਘ ਸੰਧੂ, ਗੁਰਨਾਮ ਸਿੰਘ, ਗੋਰਾ ਪਿਪਲੀ, ਵੀਰ ਸਿੰਘ ਕੰਮੇਆਣਾ ਅਤੇ ਕਾਮਰੇਡ ਅਸ਼ਵਨੀ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਲੋਕ ਵਿਰੋਧੀ ਅਤੇ ਫਿਰਕੂ ਧਰੁਵੀਕਰਨ ਵਾਲੇ ਏਜੰਡੇ ਖਿਲਾਫ ਲੰਬੀ ਵਿਚਾਰਧਾਰਕ ਲੜਾਈ ਲੜਨ ਦੀ ਲੋੜ ਹੈ, ਜਿਸ ਵਿੱਚ ਲਾਲ ਝੰਡੇ ਦੀਆਂ ਪਾਰਟੀਆਂ ਦਾ ਯੋਗਦਾਨ ਕਿਸੇ ਤੋਂ ਘੱਟ ਨਹੀਂ। ਉਨ੍ਹਾ ਕਿਹਾ ਕਿ ਮੌਜੂਦਾ ਗੰਧਲੇ ਸਿਆਸੀ ਮਾਹੌਲ ਵਿੱਚ ਸਿਰਫ ਕਮਿਊਨਿਸਟ ਆਗੂ ਅਤੇ ਉਮੀਦਵਾਰ ਹਨ, ਜੋ ਜਾਂਚ ਏਜੰਸੀਆਂ ਦੇ ਡਰ ਜਾਂ ਲਾਲਚਵੱਸ ਆਪਣੀਆਂ ਵਫ਼ਾਦਾਰੀਆਂ ਤਬਦੀਲ ਨਹੀਂ ਕਰਦੇ। ਇਸ ਮੌਕੇ ਕਾਮਰੇਡ ਇੰਦਰਜੀਤ ਅਤੇ ਚਰਨਜੀਤ ਸਿੰਘ ਚੰਬੇਲੀ ਨੇ ਮਾਸਟਰ ਗੁਰਚਰਨ ਮਾਨ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਡੀਆਂ ਪਾਰਟੀਆਂ ਅਤੇ ਉਮੀਦਵਾਰ ਦੋਵੇਂ ਲੋਕ ਸੰਘਰਸ਼ਾਂ ਵਿੱਚ ਪਰਖੇ ਹੋਏ ਹੋਣ ਕਰਕੇ ਹਲਕੇ ਦੀ ਨੁਮਾਇੰਦਗੀ ਕਰਨ ਦੇ ਪੂਰੇ ਹੱਕਦਾਰ ਹਨ, ਜਿਨ੍ਹਾਂ ਨੇ ਸੀਮਿਤ ਸਾਧਨਾਂ ਅਤੇ ਸਾਦਗੀ ਨਾਲ ਆਪਣੀ ਚੋਣ ਮੁਹਿੰਮ ਚਲਾਈ ਹੈ। ਮਾਸਟਰ ਗੁਰਚਰਨ ਮਾਨ ਨੇ ਸਭ ਵੋਟਰ ਭੈਣ-ਭਰਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਭ ਪਾਰਟੀਆਂ ਨੂੰ ਪਰਖ ਚੁੱਕੇ ਪੰਜਾਬ ਦੇ ਲੋਕਾਂ ਨੇ ਜੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਬਖਸ਼ਿਆ ਤਾਂ ਉਹ ਹੋਰ ਵੀ ਤਕੜੇ ਮਨੋਬਲ ਨਾਲ ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਸਲੇ ਢੁਕਵੇਂ ਮੰਚ ’ਤੇ ਉਠਾਉਣ ਲਈ ਤਿਆਰ ਰਹਿਣਗੇ।