ਝਬਾਲ (ਮੱਖਣ ਮਨੋਜ)
ਨੇੜਲੇ ਪਿੰਡ ਠੱਠਾ ਦੇ ਪਲਾਟਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ, ਜਿਸ ਵਿਚ ਦੋਹਾਂ ਕਮਿਊਨਿਸਟ ਪਾਰਟੀਆਂ ਦੇ ਸਾਂਝੇ ਉਮੀਦਵਾਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਉਚੇਚੇ ਤੌਰ ’ਤੇ ਪਹੁੰਚੇ। ਲੋਕਾਂ ਦੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਦਵਿੰਦਰ ਸੋਹਲ, ਸ੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਦੇ ਪ੍ਰਧਾਨ ਤੀਰਥ ਸਿੰਘ, ਨਾਨਕ ਸਿੰਘ ਛੇਹਰਟਾ, ਸੁਰਜੀਤ ਸਿੰਘ, ਬਲਕਾਰ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਮਾਲੂਵਾਲ, ਜੁਗਰਾਜ ਸਿੰਘ ਠੱਟਾ ਨੇ ਕਿਹਾ ਕਿ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਹਮੇਸ਼ਾ ਲੋਕਾਂ ਦਾ ਸੀ, ਹੈ ਅਤੇ ਰਹੇਗਾ। ਉਹਨਾਂ ਕਿਹਾ ਕਿ ਸਰਮਾਏਦਾਰ ਪਾਰਟੀਆਂ ਦੇ ਨੁਮਾਇੰਦੇ ਲਾਰੇ-ਲੱਪੇ ਲਾ ਕੇ ਚੋਣ ਜਿੱਤ ਲੈਂਦੇ ਹਨ, ਪਰ ਮੁੜ ਕੇ ਪੰਜ ਸਾਲ ਬਾਤ ਨਹੀਂ ਪੁੱਛਦੇ। ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਮਹਾਨ ਕਮਿਊਨਿਸਟ ਲੀਡਰਾਂ ਦਰਸ਼ਨ ਸਿੰਘ ਝਬਾਲ, ਸਤਪਾਲ ਡਾਂਗ ਤੇ ਅਰਜਨ ਸਿੰਘ ਮਸਤਾਨਾ ਦੇ ਪੂਰਨਿਆਂ ’ਤੇ ਚੱਲੇਗਾ, ਜੋ ਤਾਕਤ ਮਿਲ ਜਾਣ ਬਾਅਦ ਵੀ ਲੋਕਾਂ ਨਾਲ ਹੀ ਰਹੇ , ਲੰਮਾਂ ਸਮਾਂ ਐੱਮ ਐੱਲ ਏ ਰਹਿਣ ’ਤੇ ਵੀ ਅੱਜ ਤੱਕ ਉਹਨਾਂ ਵੱਲ ਕੋਈ ਉਗਲ ਨਹੀਂ ਕਰ ਸਕਦਾ। ਅੱਜ ਬੇਰੁਜ਼ਗਾਰੀ, ਮਹਿੰਗਾਈ ਨੇ ਆਮ ਜਨਤਾ ਦਾ ਲੱਕ ਤੋੜਿਆ ਪਿਆ ਹੈ। ਗਰੀਬ ਲੋਕ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ ਜਾਲ ਵਿੱਚ ਫਸ ਗਏ ਹਨ। ਇਹ ਕਰਜ਼ ਖਤਮ ਕਰਨ ਲਈ ਲੜ ਰਹੇ ਹਾਂ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਪਾਰਟੀਆਂ ਦੇ ਉਮੀਦਵਾਰ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਮਿਹਨਤਕਸ਼ ਲੋਕਾਂ ਦਾ ਸਾਥੀ ਹਾਂ। ਮੈਂ ਖ਼ੁਦ ਮਿਹਨਤਕਸ਼ ਹਾਂ। ਅੱਜ ਮਿਹਨਤਕਸ਼ ਮਜ਼ਦੂਰ, ਕਿਸਾਨ ਭੁੱਖੇ ਮਰਨ ਲਈ ਮਜਬੂਰ ਹਨ। ਇਸ ਕਰਕੇ ਮੈਨੂੰ ਕਾਮਯਾਬ ਕਰੋ, ਤਾਂ ਕਿ ਕਮਿਊਨਿਸਟ ਪਾਰਟੀਆਂ ਦੀ ਤਾਕਤ ਵਧੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਲ ਸਿੰਘ ਚੌਕੀਦਾਰ, ਜਸਪਾਲ ਸਿੰਘ, ਦਲਬੀਰ ਸਿੰਘ, ਕਸ਼ਮੀਰ ਕੌਰ, ਬੀਬੀ ਬੀਰੋ, ਚਰਨ ਕੌਰ ਤੇ ਮੇਜਰ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਉਹ ਕਾਮਰੇਡ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਕਾਮਯਾਬ ਕਰਨਗੇ।